ਪਾਲ ਸਿੰਘ ਨੌਲੀ
ਜਲੰਧਰ, 6 ਫਰਵਰੀ
ਦੋਆਬੇ ਦੀ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਸੁਲਤਾਨਪੁਰ ਲੋਧੀ ਕਾਂਗਰਸੀ ਆਗੂ ਸੁਖਪਾਲ ਸਿੰੰਘ ਖਹਿਰਾ ਨੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ’ਤੇ ਤਿੱਖੇ ਸਿਆਸੀ ਹਮਲੇ ਕੀਤੇ ਹਨ। ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਪਹਿਲਾਂ ਹੀ ਸੁਲਤਾਨਪੁਰ ਲੋਧੀ ਦੇ ਮੌਜੂਦਾ ਕਾਂਗਰਸੀ ਵਿਧਾਇਕ ਤੇ ਹੁਣ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ’ਤੇ ਕਈ ਸਿਆਸੀ ਹਮਲੇ ਕਰ ਚੁੱਕੇ ਹਨ। ਇਨ੍ਹਾਂ ਸਿਆਸੀ ਹਮਲਿਆਂ ਦਾ ਜਵਾਬ ਸਾਬਕਾ ਵਿਧਾਇਕ ਤੇ ਭੁਲੱਥ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਦਿੰਦਿਆਂ ਕਿਹਾ ਕਿ ਇੱਕ ਦਿਨ ਆਵੇਗਾ ਜਦੋਂ ਰਾਣਾ ਗੁਰਜੀਤ ਸਿੰਘ ਨੂੰ ਵਾਪਸ ਯੂਪੀ ਭੇਜਿਆ ਜਾਵੇਗਾ ਜਿੱਥੋਂ ਉਹ ਅਸਲ ਵਿੱਚ ਆਇਆ ਸੀ।
ਖਹਿਰਾ ਨੇ ਰਾਣਾ ਗੁਰਜੀਤ ਸਿੰਘ ਨੂੰ ਡਰਪੋਕ ਦੱਸਦਿਆਂ ਕਿਹਾ ਕਿ ਉਸ ’ਤੇ ਨਸ਼ਿਆਂ ਦਾ ਜਿਹੜਾ ਝੂਠਾ ਕੇਸ ਪਾਇਆ ਗਿਆ ਹੈ ਉਸ ਦੇ ਪਿੱਛੇ ਰਾਣੇ ਦਾ ਹੱਥ ਹੈ। ਸੁਖਪਾਲ ਸਿੰਘ ਖਹਿਰਾ ਨੇ ਇਹ ਐਲਾਨ ਵੀ ਕੀਤਾ ਕਿ 2027 ਦੀਆਂ ਵਿਧਾਨ ਸਭਾ ਦੀ ਚੋਣ ਕਪੂਰਥਲਾ ਤੋਂ ਰਾਣਾ ਦੇ ਵਿਰੁੱਧ ਲੜੇਗਾ। ਖਹਿਰਾ ਨੇ ਕਿਹਾ ਕਿ ਰਾਣਾ ਕਪੂਰਥਲਾ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ ਅਤੇ ਆਪਣੇ ਪੁੱਤਰ ਨੂੰ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਲੜਾ ਕੇ ਕਾਂਗਰਸ ਦੀ ਪਿੱਠ ਵਿੱਚ ਛੁਰਾ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵੀ ਇੱਕ ਸੀਟ ’ਤੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਨਾ ਕਰਕੇ ਕਮਜ਼ੋਰੀ ਦਿਖਾਈ ਹੈ। ਰਾਣਾ ਵਿਰੁੱਧ ਕਾਰਵਾਈ ਬਹੁਤ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਪਰ ਫਿਰ ਵੀ ਉਹ ਪਾਰਟੀ ਹਾਈਕਮਾਂਡ ਨੂੰ ਕਾਰਵਾਈ ਕਰਨ ਦੀ ਅਪੀਲ ਕਰਦੇ ਹਨ।