ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜੂਨ
ਕੇਂਦਰੀ ਸਿੰਘ ਸਭਾ ਨੇ ਪੈਗੰਬਰ ਹਜ਼ਰਤ ਮੁਹੰਮਦ ਖ਼ਿਲਾਫ਼ ਟਿੱਪਣੀਆਂ ਕਰਨ ਵਾਲੀ ਭਾਜਪਾ ਆਗੂ ਵਿਰੁੱਧ ਰੋਸ ਮੁਜ਼ਾਹਰੇ ਕਰਨ ਵਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ ਘਰਾਂ ਨੂੰ ਸਰਕਾਰ ਵੱਲੋਂ ਬੁਲਡੋਜ਼ਰ ਨਾਲ ਢਾਹੁਣ ਦੀ ਨਿੰਦਾ ਕੀਤੀ ਹੈ। ਸਭਾ ਦੇ ਆਗੂ ਪ੍ਰੋਫੈਸਰ ਸ਼ਾਮ ਸਿੰਘ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਚੇਤਨ ਸਿੰਘ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗਲੋਬਲ ਸਿੱਖ ਕੌਂਸਲ ਦੇ ਪ੍ਰਤੀਨਿਧ ਗੁਰਪ੍ਰੀਤ ਸਿੰਘ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ, ਇੰਜ. ਸੁਰਿੰਦਰ ਸਿੰਘ, ਨਵਤੇਜ ਸਿੰਘ, ਸਵਰਨ ਸਿੰਘ, ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਮੱਧ ਪ੍ਰਦੇਸ਼ ਅਤੇ ਅਸਾਮ ਵਿੱਚ ਮੁਸਲਮਾਨਾਂ ਦੇ ਘਰਾਂ ਨੂੰ ਬੁਲਡੋਜ਼ਰਾਂ ਰਾਹੀਂ ਢਾਹੁਣ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ ਅੱਠ ਜ਼ਿਲ੍ਹਿਆਂ ਵਿੱਚ ਘਰਾਂ ਨੂੰ ਢਾਹੁਣ ਬਾਰੇ ਸੂਬਾ ਸਰਕਾਰ ਬਿਆਨ ਦੇ ਕੇ ਦਹਿਸ਼ਤ ਫੈਲਾ ਰਹੀ ਹੈ। ਸਭਾ ਨੇ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਗੁਰੂ ਸਿਧਾਂਤ ਅਨੁਸਾਰ ਉਹ ਮੁਸਲਮਾਨਾਂ ਦੇ ਹੱਕ ਵਿੱਚ ਆਵਾਜ਼ ਉਠਾਉਣ।