ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਅਕਤੂਬਰ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੇਰੀ ਦੌਰਾਨ ਅੱਜ ਇਥੇ ਸੂਬਾ ਕਨਵੀਨਰ ਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਕੋਠੀ ਅੱਗੇ ਕੇਜਰੀਵਾਲ ਦੀ ਸੁਰੱਖਿਆ ’ਚ ਤਾਇਨਾਤ ਮੁਲਾਜ਼ਮਾਂ ਵੱਲੋਂ ਮੀਡੀਆ ਨਾਲ ਬਦਸਲੂਕੀ ਕੀਤੀ ਗਈ। ਇਸ ਦੌਰਾਨ ਪੱਤਰਕਾਰਾਂ ਅਤੇ ਸੁਰੱਖਿਆ ਮੁਲਾਜ਼ਮਾਂ ਵਿਚਕਾਰ ਜੰਮ ਕੇ ਧੱਕਾਮੁੱਕੀ ਹੋਈ ਤੇ ਇਲੈਕਟ੍ਰਾਨਿਕ ਮੀਡੀਆ ਨਾਲ ਸਬੰਧਤ ਇੱਕ ਪੱਤਰਕਾਰ ਹੇਠਾਂ ਸੜਕ ਉਪਰ ਜਾ ਡਿੱਗਿਆ ਅਤੇ ਕਈ ਹੋਰ ਪੱਤਰਕਾਰਾਂ ਨੂੰ ਵੀ ਪੁਲੀਸ ਦੀ ਕਥਿਤ ਧੱਕੇਸ਼ਾਹੀ ਦਾ ਸ਼ਿਕਾਰ ਹੋਣਾ ਪਿਆ।
ਇਹ ਘਟਨਾ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਮੌਜੂਦਗੀ ਵਿਚ ਵਾਪਰੀ, ਜੋ ਕਿ ਗੱਡੀ ’ਚ ਸਵਾਰ ਸਨ। ਰੋਹ ’ਚ ਆਏ ਪੱਤਰਕਾਰ ਕੇਜਰੀਵਾਲ ਦੀ ਗੱਡੀ ਅੱਗੇ ਰੋਸ ਜਤਾ ਰਹੇ ਸਨ ਤੇ ਸੁਰੱਖਿਆ ਮੁਲਾਜ਼ਮ ਅਤੇ ਪੁਲੀਸ ਪੱਤਰਕਾਰਾਂ ਨੂੰ ਧੂਹ ਕੇ ਪਾਸੇ ਕਰ ਰਹੀ ਸੀ ਪਰ ਇਹ ਲੀਡਰ ਮੀਡੀਆ ਨਾਲ ਗੱਲ ਕਰਨ ਦੀ ਬਜਾਏ ਗੱਡੀ ’ਚ ਸਵਾਰ ਸਾਰਾ ਦ੍ਰਿਸ਼ ਵੇਖ ਅੱਗੇ ਵਧ ਗਏ। ਇਸ ਤੋਂ ਪਹਿਲਾਂ ਦਿੱਲੀ ਤੋਂ ਇਥੇ ਰੇਲਵੇ ਸਟੇਸ਼ਨ ਪੁੱਜੇ ਕੇਜਰੀਵਾਲ ਅਤੇ ‘ਆਪ’ ਲੀਡਰ ਮੀਡੀਆ ਨੂੰ ਚਕਮਾ ਦੇ ਕੇ ਛੋਟੇ ਗੇਟ ਰਾਹੀਂ ਨਿਕਲ ਗਏ। ਭਗਵੰਤ ਮਾਨ ਦੀ ਕੋਠੀ ’ਚ ਕਰੀਬ ਤਿੰਨ ਘੰਟੇ ਠਹਿਰੇ ਅਰਵਿੰਦ ਕੇਜਰੀਵਾਲ ਨੇ ਜਾਂਦੇ ਸਮੇਂ ਸਿਰਫ਼ ਇੰਨਾ ਹੀ ਕਿਹਾ ਕਿ ਸਮਾਂ ਆਉਣ ’ਤੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਜਾਵੇਗਾ। ਉਹ ਮਾਨਸਾ ’ਚ ਕਿਸਾਨਾਂ ਅਤੇ ਬਠਿੰਡਾ ਵਿੱਚ ਵਪਾਰੀਆਂ ਨੂੰ ਮਿਲਣਗੇ।
ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਦੇ ਘਰ ਸਰੋਂ ਦੇ ਸਾਗ ਨਾਲ ਮੱਕੀ ਦੀ ਰੋਟੀ ਖਾਧੀ ਹੈ। ਮਾਨ ਦੀ ਮਾਤਾ ਤੇ ਭੈਣ ਨਾਲ ਮੁਲਾਕਾਤ ਕੀਤੀ ਹੈ। ਭਗਵੰਤ ਮਾਨ ਦੇ ਘਰ ਕੇਜਰੀਵਾਲ ਨਾਲ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਤੇ ਸਹਿ-ਇੰਚਾਰਜ ਰਾਘਵ ਚੱਢਾ ਵੀ ਮੌਜੂਦ ਸਨ। ਮੀਡੀਆ ਨਾਲ ਹੋਈ ਬਦਸਲੂਕੀ ਤੇ ਧੱਕੇਸ਼ਾਹੀ ਦੀ ਸੰਗਰੂਰ ਦੇ ਪੱਤਰਕਾਰ ਭਾਈਚਾਰੇ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ। ਪ੍ਰੈੱਸ ਕਲੱਬ ਸੰਗਰੂਰ ਦੇ ਪ੍ਰਧਾਨ ਰਾਜੇਸ਼ ਕੋਹਲੀ ਨੇ ਮੰਗ ਕੀਤੀ ਹੈ ਕਿ ਇਸ ਘਟਨਾ ਲਈ ਭਗਵੰਤ ਮਾਨ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।