ਪਾਲ ਸਿੰਘ ਨੌਲੀ
ਜਲੰਧਰ, 15 ਫਰਵਰੀ
ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਵਰਕਿੰਗ ਕਮੇਟੀ ਦੇ ਮੈਂਬਰ ਅਜੈ ਮਾਕਨ ਨੇ ਆਮ ਆਦਮੀ ਪਾਰਟੀ ’ਤੇ ਤਿੱਖਾ ਹੱਲਾ ਬੋਲਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਠੱਗਾਂ ਦਾ ਸਰਦਾਰ ਹੈ, ਜਦਕਿ ਪੰਜਾਬ ਵਿਚ ਚੰਨੀ ਸਰਕਾਰ ਚੰਗੀ ਸਰਕਾਰ ਹੈ। ਉਨ੍ਹਾਂ ਅੱਜ ਇਥੇ ਕਾਂਗਰਸ ਭਵਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਕੋਈ ਜੁਮਲਾ ਨਹੀਂ ਹੈ, ਜਿਹੜਾ ਉਹ ਚੰਨੀ ਸਰਕਾਰ ਨੂੰ ਚੰਗੀ ਸਰਕਾਰ ਕਹਿ ਰਹੇ ਹਨ, ਸਗੋਂ ਤੱਥਾਂ ਦੇ ਆਧਾਰ ’ਤੇ ਪੰਜਾਬ ਵਿਚ ਇਕ ਕਲਿਆਣਕਾਰੀ ਨੀਤੀਆਂ ਦੀ ਬਿਹਤਰੀਨ ਕਹਾਣੀ ਹੈ। ਕਾਂਗਰਸ ਦੇ ਸੀਨੀਅਰ ਆਗੂ ਅਜੈ ਮਾਕਨ ਨੇ ਆਮ ਆਦਮੀ ਪਾਰਟੀ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਅਸਲ ਵਿਚ ਭਾਜਪਾ ਨੇ ਹੀ ਕੇਜਰੀਵਾਲ ਨੂੰ ਬਣਾਇਆ ਹੈ ਤਾਂ ਜੋ ਉਹ ਕਾਂਗਰਸ ਨੂੰ ਨੁਕਸਾਨ ਪਹੁੰਚਾ ਸਕੇ। ਭਾਜਪਾ ਤੇ ਆਮ ਆਦਮੀ ਪਾਰਟੀ ਇਕੋ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਕਿਹਾ ਕਿ ਜਿਸ ਵਾਅਦੇ ਨਾਲ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਸੀ ਕਿ ਜਨ ਲੋਕਪਾਲ ਬਿੱਲ ਲਿਆਂਦਾ ਜਾਵੇਗਾ, ਉਸ ਵਾਅਦੇ ਨੂੰ ਦਿੱਲੀ ਵਿਚ ਅਜੇ ਤੱਕ ਵੀ ਕੇਜਰੀਵਾਲ ਨੇ ਪੂਰਾ ਨਹੀਂ ਕੀਤਾ ਤੇ ਨਾ ਹੀ ਭਾਜਪਾ ਦੀ ਕੇਂਦਰ ਸਰਕਾਰ ਨੇ ਜਨ ਲੋਕਪਾਲ ਬਿੱਲ ਲਿਆਂਦਾ ਹੈ। ਦਿੱਲੀ ਵਿਚ ਅਜੇ ਵੀ ਕਿਸੇ ਬੇਰੁਜ਼ਗਾਰ ਨੂੰ ਭੱਤਾ ਨਹੀਂ ਮਿਲਦਾ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਸਰਕਾਰ ਨੇ ਸਿਹਤ ਖੇਤਰ ਦੇ ਬਜਟ ’ਚ ਕਟੌਤੀ ਕੀਤੀ ਹੈ। ਉਨ੍ਹਾਂ ਕੇਜਰੀਵਾਲ ਦੇ ਇਸ ਦਾਅਵੇ ਨੂੰ ਵੀ ਝੂਠ ਦੱਸਿਆ ਕਿ ਦਿੱਲੀ ਵਿਚ ਸਿੱਖਿਆ ਸਸਤੀ ਕੀਤੀ ਗਈ ਹੈ, ਜਦਕਿ ਪ੍ਰਾਈਵੇਟ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਕੋਆਰਡੀਨੇਟਰ ਆਨੰਦ ਮਾਧਵ ਤੇ ਹੋਰ ਆਗੂ ਹਾਜ਼ਰ ਸਨ।