ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਕਰੰਸੀ ਨੋਟਾਂ ’ਤੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਛਪਵਾਉਣ ਦੀ ਮੰਗ ਨੂੰ ਗੈਰ ਜ਼ਿੰਮੇਵਾਰਾਨਾ ਅਤੇ ਦੇਸ਼ ਵਿੱਚ ਫਿਰਕੂ ਸਦਭਾਵਨਾ ਨੂੰ ਸੱਟ ਮਾਰਨ ਵਾਲਾ ਕਰਾਰ ਦਿੱਤਾ ਹੈ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਇਕ ਆਈਆਈਟੀ ਗ੍ਰੈਜੂਏਟ ਵਿਅਕਤੀ ਇੰਨਾ ਹੇਠਾਂ ਡਿੱਗ ਗਿਆ ਹੈ ਕਿ ਸਿਆਸੀ ਲਾਹਾ ਲੈਣ ਵਾਸਤੇ ਫਿਰਕੂ ਮੰਗ ਰੱਖ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੋਈ ਵੀ ਪੜ੍ਹਿਆ-ਲਿਖਿਆ ਵਿਅਕਤੀ ਇਹ ਸਮਝਦਾ ਹੈ ਕਿ ਹਿੰਦੂ ਦੇਵੀ-ਦੇਵਤਿਆਂ ਦੀ ਤਸਵੀਰ ਭਾਰਤੀ ਕਰੰਸੀ ’ਤੇ ਛਪਵਾਉਣ ਨਾਲ ਭਾਰਤੀ ਅਰਥਚਾਰੇ ਵਿੱਚ ਕੋਈ ਸੁਧਾਰ ਨਹੀਂ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਉਹ ਸੌੜੇ ਸਿਆਸੀ ਹਿੱਤਾਂ ਵਾਸਤੇ ਦੇਸ਼ ਦਾ ਸਮਾਜਿਕ ਸਰੂਪ ਤਹਿਸ-ਨਹਿਸ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਪੂਜਣਯੋਗ ਹਨ ਤੇ ਇਹ ਪਵਿੱਤਰ ਥਾਵਾਂ ’ਤੇ ਰੱਖੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਮੀਟ ਦੀਆਂ ਅਤੇ ਸ਼ਰਾਬ ਦੀਆਂ ਦੁਕਾਨਾਂ ’ਤੇ ਰੱਖੀਆਂ ਗਈਆਂ ਤਾਂ ਇਸ ਨਾਲ ਬੇਚੈਨੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਸਵੀਰਾਂ ਨਾਲ ਦੇਵੀ ਦੇਵਤਿਆਂ ਦੀ ਕਈ ਥਾਵਾਂ ’ਤੇ ਬੇਅਦਬੀ ਵੀ ਹੋ ਸਕਦੀ ਹੈ। ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਦਾ ਬਿਆਨ ਦੇਸ਼ ਦੇ ਧਰਮ ਨਿਰਪੱਖ ਸਰੂਪ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕ ਬਹੁ-ਸਭਿਆਚਾਰਕ ਤੇ ਬਹੁ-ਭਾਸ਼ਾਈ ਮੁਲਕ ਹੈ ਅਤੇ ਦੇਸ਼ ਦੇ ਸੰਵਿਧਾਨ ਦਾ ਸਾਰੇ ਧਰਮ ਤੇ ਸੱਭਿਆਚਾਰ ਸਨਮਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਕਿਸੇ ਨੂੰ ਵੀ ਧਰਮ ਦੇ ਨਾਂ ’ਤੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ। ਸਾਬਕਾ ਅਕਾਲੀ ਮੰਤਰੀ ਨੇ ਕਿਹਾ ਕਿ ਇਹ ਉਹ ਬਦਲਾਅ ਨਹੀਂ ਹੈ ਜਿਸ ਦਾ ਵਾਅਦਾ ‘ਆਪ’ ਨੇ ਦੇਸ਼ ਤੇ ਪੰਜਾਬੀਆਂ ਨਾਲ ਕੀਤਾ ਸੀ। ਮਜੀਠੀਆ ਨੇ ‘ਆਪ’ ਦੇ ਕਨਵੀਨਰ ਨੂੰ ਸਲਾਹ ਦਿੱਤੀ ਹੈ ਕਿ ਉਹ ਜੋ ਪ੍ਰਚਾਰ ਕਰਦੇ ਹਨ, ਉਸ ’ਤੇ ਡੱਟਣ ਦੀ ਕੋਸ਼ਿਸ਼ ਕਰਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕਰੰਸੀ ਨੋਟਾਂ ’ਤੇ ਦੇਵੀ ਦੇਵਤਿਆਂ ਦੀ ਤਸਵੀਰ ਛਪਵਾਉਣ ਦੀ ਮੰਗ ਕਰ ਕੇ ਆਪਣੇ ਆਪ ਨੂੰ ਕੱਟੜ ਹਿੰਦੂ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਆਪਣੇ ਚੁਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਰਾਬੀ ਹੋਣ ’ਤੇ ਕੋਈ ਅਫਸੋਸ ਨਹੀਂ ਹੈ।