ਚਰਨਜੀਤ ਭੁੱਲਰ
ਚੰਡੀਗੜ੍ਹ, 3 ਸਤੰਬਰ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੇਤਾਵਨੀ ਦਿੱਤੀ ਹੈ ਕਿ ਊਹ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਨਾ ਖੇਡਣ ਜਿਨ੍ਹਾਂ ਵੱਲੋਂ ਕੋਵਿਡ ਮਹਾਮਾਰੀ ਨੂੰ ਪੰਜਾਬ ਦੀ ਸੁਰੱਖਿਆ ਅਤੇ ਅਖੰਡਤਾ ਨੂੰ ਢਾਹ ਲਾਉਣ ਲਈ ਵਰਤਿਆ ਜਾ ਰਿਹਾ ਹੈ। ਊਨ੍ਹਾਂ ਕਿਹਾ ਕਿ ਕੇਜਰੀਵਾਲ ਕੋਵਿਡ ਸੰਕਟ ਦੇ ਨਾਮ ਹੇਠ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਭੜਕਾ ਰਹੇ ਹਨ। ਅਮਰਿੰਦਰ ਨੇ ਕਿਹਾ ਕਿ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਸੰਭਾਵੀ ਤੌਰ ’ਤੇ ਪਾਕਿਸਤਾਨ ’ਚੋਂ ਚੱਲੀ
ਹੈ ਅਤੇ ‘ਆਪ’ ਦੇ ਇੱਕ ਸਰਗਰਮ ਵਰਕਰ ਵੱਲੋਂ ਊਸਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਪੁਲੀਸ ਨੇ ਫਿਰੋਜ਼ਪੁਰ ਦੇ ਨਾਜੂ ਸ਼ਾਹ ਦੇ ‘ਆਪ’ ਵਰਕਰ ਅਮਰਿੰਦਰ ਸਿੰਘ ਨੂੰ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਝੂਠੀ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਪੋਸਟ ਪਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਊਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵੀਡੀਓ ’ਚ ਕੋਵਿਡ ਮਰੀਜ਼ਾਂ ਦੇ ਮਹੱਤਵਪੂਰਨ ਅੰਗ ਕੱਢਣ ਦੀ ਅਫਵਾਹ ਫੈਲਾਈ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਵਰਕਰ ਵੀਡੀਓ ਅਤੇ ਪੋਸਟਾਂ ਪਾ ਕੇ ਲੋਕਾਂ ਨੂੰ ਭੜਕਾ ਰਹੇ ਹਨ ਕਿ ਸਿਹਤ ਮਹਿਕਮੇ ਨਾਲ ਸਹਿਯੋਗ ਨਾ ਕੀਤਾ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪੰਜਾਬ ਤੋਂ ਦੂਰ ਹੀ ਰਹੇ ਅਤੇ ਆਪਣੇ ਸੂਬੇ ਵਿੱਚ ਕੋਵਿਡ ਨੂੰ ਕੰਟਰੋਲ ਕਰਨ ਦੇ ਪ੍ਰਬੰਧਨ ’ਤੇ ਧਿਆਨ ਕੇਂਦਰਿਤ ਕਰੇ। ਕੈਪਟਨ ਨੇ ਕੇਜਰੀਵਾਲ ਨੂੰ ਕਿਹਾ, ‘ਸਾਨੂੰ ਤੁਹਾਡੇ ਔਕਸੀਮੀਟਰਾਂ ਦੀ ਜ਼ਰੂਰਤਾਂ ਨਹੀਂ। ਸਾਨੂੰ ਸਿਰਫ਼ ਪੰਜਾਬ ਵਿੱਚ ਤੁਹਾਡੇ ਵਰਕਰਾਂ ’ਤੇ ਲਗਾਮ ਲਗਾਉਣ ਦੀ ਲੋੜ ਹੈ, ਜਿਹੜੇ ਮੇਰੇ ਲੋਕਾਂ ਨੂੰ ਹਸਪਤਾਲਾਂ ਵਿੱਚ ਕੋਵਿਡ ਟੈਸਟ ਕਰਵਾਉਣ ਅਤੇ ਇਲਾਜ ਨਾ ਕਰਵਾਉਣ ਲਈ ਭੜਕਾ ਰਹੇ ਹਨ।’
ਪਹਿਲਾਂ ਦਿੱਲੀ ਸੰਭਾਲ ਲਓ: ਜਾਖੜ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਾੜਦਿਆਂ ਆਖਿਆ ਕਿ ਪਹਿਲਾਂ ਦਿੱਲੀ ਸੰਭਾਲ ਲਓ, ਜਿਸ ਨੂੰ ਸੰਭਾਲਣ ਲਈ ਤੁਹਾਨੂੰ ਅਮਿਤ ਸ਼ਾਹ ਦੀ ਸ਼ਰਨ ਵਿਚ ਜਾਣਾ ਪਿਆ ਸੀ। ਉਨ੍ਹਾਂ ਕਿਹਾ ਕਿ ਕੇਜਰੀਵਲ ਸੁਹਿਰਦ ਹਨ ਤਾਂ ਉਹ ਪਹਿਲਾਂ ਆਪਣੀ ਪਾਰਟੀ ਅਤੇ ਵਰਕਰਾਂ ਦੀ ਸਿਆਸੀ ਆਕਸੀਜਨ ਚੈੱਕ ਕਰਵਾ ਲੈਣ। ਉਨ੍ਹਾਂ ਕਿਹਾ ਕਿ ਆਕਸੀਜਨ ਚੈੱਕ ਕਰਨ ਲਈ ਕੁਆਲੀਫਾਈਡ ਸਟਾਫ ਦੀ ਨਿਯਮਾਂ ਅਨੁਸਾਰ ਲੋੜ ਹੁੰਦੀ ਹੈ ਅਤੇ ‘ਆਪ’ ਵਰਕਰਾਂ ਵੱਲੋਂ ਅਜਿਹਾ ਕਰਨਾ ਅਪਰਾਧਿਕ ਕਾਰਵਾਈ ਹੈ।
ਡੀਜੀਪੀ ਨੂੰ ਜਾਅਲੀ ਵੀਡੀਓ ਬਾਰੇ ਜਾਂਚ ਦੀ ਹਦਾਇਤ
ਮੁੱਖ ਮੰਤਰੀ ਨੇ ਦੱਸਿਆ ਕਿ ਪਟਿਆਲਾ ਵਿੱਚ ਇੱਕ ਸਥਾਨਕ ਮੈਡੀਕਲ ਪੱਤਰਕਾਰ, ਜਿਸ ਨੂੰ ਕੋਵਿਡ ਸਬੰਧੀ ਇਕ ਨਕਲੀ ਵੀਡੀਓ ਬਣਾਉਣ ਅਤੇ ਪ੍ਰਚਾਰਿਤ ਕਰਨ ਲਈ 100 ਡਾਲਰ ਦੀ ਪੇਸ਼ਕਸ਼ ਹੋਈ ਸੀ, ਖ਼ਿਲਾਫ਼ ਇਕ ਹੋਰ ਕੇਸ ਦਰਜ ਕੀਤਾ ਗਿਆ ਹੈ। ਊਨ੍ਹਾਂ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਆਖਿਆ ਕਿ ਪੱਤਰਕਾਰ ਤਰੁਣੀ ਗਾਂਧੀ ਦੀ ਕੋਵਿਡ ਸੰਕਟ ’ਤੇ ਜਾਅਲੀ ਵੀਡੀਓ ਫੈਲਾਉਣ ਲਈ ਪੈਸੇ ਦੀ ਪੇਸ਼ਕਸ਼ ਬਾਰੇ ਸ਼ਿਕਾਇਤ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ।
ਮੁੱਖ ਮੰਤਰੀ ਦਾ ਬਿਆਨ ਬੇਲੋੜਾ: ਭਗਵੰਤ ਮਾਨ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਬਾਰੇ ਦਿੱਤੇ ਬਿਆਨ ਨੂੰ ‘ਆਪ’ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬੇਲੋੜਾ, ਬੇਤੁਕਾ ਅਤੇ ਬੌਖਲਾਹਟ ਭਰਿਆ ਦੱਸਿਆ ਹੈ। ਸ੍ਰੀ ਮਾਨ ਨੇ ਆਪਣੇ ਟਵੀਟ ’ਚ ਕਿਹਾ, ‘ਇੱਕ ਚੁਣੇ ਹੋਏ ਮੁੱਖ ਮੰਤਰੀ ਬਾਰੇ ਅਜਿਹੀਆਂ ਬੇਤੁਕੀਆਂ ਗੱਲਾਂ ਨਾ ਕਰੋ।’ ਊਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਿਦੇਸ਼ੀ ਮਹਿਮਾਨ ਸਰਕਾਰੀ ਸਹੂਲਤਾਂ ਮਾਣਦੇ ਤੇ ਸਰਕਾਰੀ ਕੰਮਾਂ ’ਚ ਦਖ਼ਲਅੰਦਾਜ਼ੀ ਕਰਦੇ ਹਨ। ਇਹ ਗੱਲਾਂ ਸਾਰਾ ‘ਆਲਮ’ ਜਾਣਦਾ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ, ‘ਪੰਜਾਬ ਕਿਸੇ ਦੇ ਬਾਪ ਦੀ ਜਾਗੀਰ ਨਹੀਂ ਹੈ।’ ਊਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਨਾ ਕੇਵਲ ਪੰਜਾਬ ਬਲਕਿ ਪੂਰੇ ਦੇਸ਼ ’ਚ ਔਕਸੀਮੀਟਰ ਮੁਹਿੰਮ ਚਲਾਈ ਗਈ ਹੈ। ਇਹ ਦੇਸ਼ ਵਿਰੋਧੀ ਕਾਰਵਾਈ ਨਹੀਂ ਸਗੋਂ ਲੋਕਾਂ ਅਤੇ ਸੂਬਾ ਸਰਕਾਰਾਂ ਦੇ ਸਹਿਯੋਗ ਵਾਲੀ ਮੁਹਿੰਮ ਹੈ। ਇਸ ’ਤੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਨੂੰ ਸੇਕ ਲੱਗਦਾ ਹੈ ਤਾਂ ਇਹ ਇੱਕ ਅਸਫਲ ਮੁੱਖ ਮੰਤਰੀ ਦੀ ਬੌਖਲਾਹਟ ਤੋਂ ਵਧ ਕੇ ਕੁਝ ਨਹੀਂ।