ਦਵਿੰਦਰ ਪਾਲ
ਚੰਡੀਗੜ੍ਹ, 30 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਦਿੱਲੀ ਵਿੱਚ ਸਿਹਤ ਮਾਡਲ ਫਲਾਪ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬੀਆਂ ਨੂੰ ਗੁਮਰਾਹ ਕਰਨ ਆ ਗਏ ਹਨ।
ਅਕਾਲੀ ਦਲ ਦੇ ਪ੍ਰਧਾਨ ਇੱਥੇ ਸਾਬਕਾ ਸੰਸਦ ਮੈਂਬਰ ਵਰਿੰਦਰ ਸਿੰਘ ਬਾਜਵਾ ਦੇ ਕਾਂਗਰਸ ਛੱਡ ਕੇ ਮੁੜ ਅਕਾਲੀ ਦਲ ਵਿਚ ਸ਼ਾਮਲ ਹੋਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸੁਖਬੀਰ ਸਿੰਘ ਬਾਦਲ ਨੇ ਸ੍ਰੀ ਬਾਜਵਾ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਵੀ ਕਰ ਦਿੱਤਾ।
ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਲੁਧਿਆਣਾ ਵਿੱਚ ਅੱਜ ਦਿੱਤੀ ‘ਦੂਜੀ ਗਾਰੰਟੀ’ ਬਾਰੇ ਗੱਲ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸ੍ਰੀ ਕੇਜਰੀਵਾਲ ਹਿੰਦੀ ਵਿੱਚ ਉਹੀ ਐਲਾਨ ਦੁਹਰਾ ਰਹੇ ਹਨ ਜੋ 3 ਅਗਸਤ ਨੂੰ ਅਕਾਲੀ ਦਲ ਨੇ ਕੀਤੇ ਸਨ, ਪਰ ‘ਆਪ’ ਅਤੇ ਅਕਾਲੀ ਦਲ ਦੇ ਐਲਾਨਾਂ ’ਚ ਬਹੁਤ ਵੱਡਾ ਫ਼ਰਕ ਹੈ। ਉਨ੍ਹਾਂ ਕਿਹਾ, ‘‘ਸਾਡਾ ਇਤਿਹਾਸ ਰਿਹਾ ਹੈ ਕਿ ਅਸੀਂ ਆਪਣੇ ਵਾਅਦੇ ਪੂਰੇ ਕਰਦੇ ਹਾਂ। ਅਸੀਂ ਏਮਸ, ਪਿਮਸ, ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਬਣਾਈ ਤੇ ਪੰਜਾਬ ਵਿਚ ਸਾਰੇ ਕਮਿਊਨਿਟੀ ਹੈਲਥ ਸੈਂਟਰਾਂ ਨੂੰ ਅਪਗ੍ਰੇਡ ਕੀਤਾ, ਪਰ ਕੇਜਰੀਵਾਲ ਨੇ ਅਜਿਹਾ ਕੁਝ ਨਹੀਂ ਕੀਤਾ।’’
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਹਾਈ ਕੋਰਟ ਵਿਚ ਮੰਨਿਆ ਹੈ ਕਿ 35 ਹਸਪਤਾਲਾਂ ਦੇ ਹਾਲਾਤ ਬਹੁਤ ਮਾੜੇ ਹਨ। ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ਵਿਚ ਕਰੋਨਾ ਨਾਲ 25 ਹਜ਼ਾਰ ਮੌਤਾਂ ਹੋ ਗਈਆਂ ਹਨ ਅਤੇ 103 ਡਾਕਟਰਾਂ ਦੀ ਕਰੋਨਾ ਡਿਊਟੀ ਦੌਰਾਨ ਮੌਤ ਹੋ ਗਈ।
ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਕੇਜਰੀਵਾਲ ਜੋ ਸਿਹਤ ਸਹੂਲਤਾਂ ਦਿੱਲੀ ਵਿੱਚ ਨਹੀਂ ਦੇ ਸਕੇ, ਉਨ੍ਹਾਂ ਦੀ ਗਾਰੰਟੀ ਪੰਜਾਬੀਆਂ ਨੂੰ ਦੇ ਰਹੇ ਹਨ। ਸੁਖਬੀਰ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਦੇ ਫੇਲ੍ਹ ਮੁਹੱਲਾ ਕਲੀਨਿਕ ਮਾਡਲ ਨਾਲ ਪੰਜਾਬ ਵਿਚ 16000 ਪਿੰਡ ਪੱਧਰ ਦੇ ਕਲੀਨਿਕ ਸਥਾਪਿਤ ਕਰਨ ਦਾ ਵਾਅਦਾ ਕਰ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ। ਕੇਜਰੀਵਾਲ ਨੇ ਦਿੱਲੀ ਵਿਚ 1000 ਮੁਹੱਲਾ ਕਲੀਨਿਕ ਖੋਲ੍ਹਣ ਦਾ ਵਾਅਦਾ ਕੀਤਾ ਸੀ, ਪਰ ਛੇ ਸਾਲਾਂ ਵਿਚ ਸਿਰਫ਼ 480 ਕਲੀਨਿਕ ਖੋਲ੍ਹੇ ਗਏ, ਜਿਨ੍ਹਾਂ ਵਿੱਚੋਂ 270 ਮਾਰਚ 2020 ਤੋਂ ਬੰਦ ਪਏ ਹਨ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਸਿੰਘ ਚੀਮਾ ਵੀ ਹਾਜ਼ਰ ਸਨ।
‘ਸਿਖਰਲੀ ਕੁਰਸੀ ਦੀ ਲੜਾਈ ਵਿੱਚ ਉਲਝੇ ਕਾਂਗਰਸੀ’
ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ-ਕਲੇਸ਼ ਬਾਰੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਪੱਸ਼ਟ ਕਰੇ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਚਿਹਰਾ ਕੌਣ ਹੋਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਅਸਲ ਮੁੱਦਾ ਸਿਖਰਲੀ ਕੁਰਸੀ ਦੀ ਲੜਾਈ ਹੈ। ਅਜਿਹਾ ਜਾਪਦਾ ਹੈ ਕਿ ਨਵਜੋਤ ਸਿੱਧੂ ਰਬੜ ਦੀ ਮੋਹਰ ਵਾਲਾ ਮੁੱਖ ਮੰਤਰੀ ਚਾਹੁੰਦੇ ਹਨ ਜਦਕਿ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੇ ਹੁਕਮ ਸੁਣਨ ਲਈ ਤਿਆਰ ਨਹੀਂ, ਜਿਸ ਕਾਰਨ ਸਿੱਧੂ ਨੇ ਅਸਤੀਫ਼ਾ ਦੇ ਦਿੱਤਾ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਉਸ ਸਰਕਾਰ ਦਾ ਹਿੱਸਾ ਸਨ ਜਿਸ ਨੇ ਸਮਾਜ ਦੇ ਹਰ ਵਰਗ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ।