ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 1 ਫਰਵਰੀ
ਭਾਜਪਾ ਦੇ ਫ਼ਤਹਿਗੜ੍ਹ ਸਾਹਿਬ ਹਲਕੇ ਤੋਂ ਉਮੀਦਵਾਰ ਦੀਦਾਰ ਸਿੰਘ ਭੱਟੀ ਦੇ ਹੱਕ ਵਿਚ ਅੱਜ ਸਰਹਿੰਦ ਮੰਡੀ ਵਿਚ ਦਫ਼ਤਰ ਦਾ ਉਦਘਾਟਨ ਕਰਨ ਉਪਰੰਤ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਡਰਾਮੇਬਾਜ਼, ਕਾਂਗਰਸ ਨੂੰ ਦੇਸ਼ ਦੀ ਦੁਸ਼ਮਣ ਅਤੇ ਅਕਾਲੀ ਦਲ ਨੂੰ ਨਿੱਜ ਸੁਆਰਥੀ ਦੱਸਦੇ ਹੋਏ ਲੋਕਾਂ ਨੂੰ ਭਾਜਪਾ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਮਰੀਕਾ ਮਾਡਲ ਦੀ ਗੱਲ ਕਰਦੇ ਹਨ ਪਰ ਇਹ ਲੀਡਰ ਸੱਤਾ ਲਈ ਘਟੀਆ ਦਰਜੇ ਦੀ ਅਸੱਭਿਅਕ ਭਾਸ਼ਾ ਰਾਹੀਂ ਪੰਜਾਬੀਆਂ ਦੀਆਂ ਵੋਟਾਂ ਲੁੱਟਣ ਦੀ ਤਾਕ ਵਿਚ ਹਨ। ਅਕਾਲੀ ਦਲ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਵਜ਼ੀਰੀਆਂ ਅਤੇ ਨਿੱਜੀ ਕੰਮ ਕਰਵਾਉਣ ਨੂੰ ਤਰਜੀਹ ਦਿੱਤੀ, ਜਦਕਿ ਉਸ ਨੇ ਪੰਜਾਬੀਅਤ ਅਤੇ ਸਿੱਖਾਂ ਦੇ ਮਸਲੇ ਹੱਲ ਕਰਵਾਉਣ ਨੂੰ ਆਪਣਾ ਧਰਮ ਸਮਝਿਆ। ਉਨ੍ਹਾਂ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਦੇ ਵਿਰੋਧ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਮੋਦੀ ਪਹਿਲਾ ਪ੍ਰਧਾਨ ਮੰਤਰੀ ਹੈ, ਜਿਸ ਨੇ ਪੱਗ ਬੰਨ੍ਹ ਰੱਖ ਕੇ ਕੌਮ ਦੀ ਸ਼ਾਨ ਵਧਾਈ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਖੇਤੀ ਕਾਨੂੰਨ ਵਾਪਸ ਲੈ ਕੇ ਮੁਆਫ਼ੀ ਮੰਗੀ। ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਉਹ ਪਹਿਲਾਂ ਵੀ ਹਲਕੇ ਦੇ ਲੋਕਾਂ ਦੀ ਸੇਵਾ ’ਚ ਹਾਜ਼ਰ ਸਨ, ਹੁਣ ਵੀ ਹਾਜ਼ਰ ਰਹਿਣਗੇ। ਇਸ ਮੌਕੇ ਸਾਬਕਾ ਮੰਤਰੀ ਡਾ. ਹਰਬੰਸ ਲਾਲ, ਸੁਖਵਿੰਦਰ ਸਿੰਘ ਗਰੇਵਾਲ, ਅਜਾਇਬ ਸਿੰਘ ਜਖਵਾਲੀ, ਗੁਰਬਖਸ਼ ਸਿੰਘ ਬਖਸ਼ੀ ਆਦਿ ਹਾਜ਼ਰ ਸਨ।