ਮਿਹਰ ਸਿੰਘ
ਕੁਰਾਲੀ, 13 ਜਨਵਰੀ
‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਕੁਰਾਲੀ ਬਾਈਪਾਸ ਉੱਤੇ ਇੱਕ ਕਿਸਾਨ ਦੀ ਮੋਟਰ ’ਤੇ ਬਹਿ ਕੇ ਸਰ੍ਹੋਂ ਦੇ ਸਾਗ ਅਤੇ ਮੱਕੀ ਦੀ ਰੋਟੀ ਛਕੀ। ਇਸ ਦੌਰਾਨ ਕਿਸਾਨਾਂ ਨੇ ਆਪਣੀਆਂ ਸਮੱਸਿਆਵਾਂ ਸਬੰਧੀ ਸ੍ਰੀ ਕੇਜਰੀਵਾਲ ਨੂੰ ਜਾਣੂ ਕਰਵਾਇਆ ਤੇ ਕੇਜਰੀਵਾਲ ਨੇ ‘ਆਪ’ ਦੀ ਸਰਕਾਰ ਆਉਣ ’ਤੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਅਤੇ ਕਿਸਾਨੀ ਨੂੰ ਵਧੇਰੇ ਲਾਹੇਵੰਦ ਧੰਦੇ ਵਜੋਂ ਵਿਕਸਤ ਕਰਨ ਦਾ ਭਰੋਸਾ ਦਿੱਤਾ। ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਦੌਰੇ ’ਤੇ ਆਏ ਅਰਵਿੰਦ ਕੇਜਰੀਵਾਲ ਤੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਸਣੇ ਹੋਰਨਾਂ ਆਗੂਆਂ ਲਈ ਅੱਜ ਕੁਰਾਲੀ ਬਾਈਪਾਸ ’ਤੇ ਪਿੰਡ ਪਪਰਾਲੀ ਦੇ ਮੋੜ ’ਤੇ ਇੱਕ ਕਿਸਾਨ ਦੀ ਮੋਟਰ ’ਤੇ ਸਰ੍ਹੋਂ ਦੇ ਸਾਗ ਅਤੇ ਮੱਕੀ ਦੀ ਰੋਟੀ ਦਾ ਪ੍ਰਬੰਧ ਕੀਤਾ ਗਿਆ ਸੀ। ਜਿਥੇ ਪਾਰਟੀ ਆਗੂਆਂ ਨੇ ਦੌਣ ਵਾਲੇ ਮੰਜੇ ’ਤੇ ਬੈਠ ਕੇ ਪੰਜਾਬ ਦੇ ਰਵਾਇਤੀ ਖਾਣੇ ਦਾ ਆਨੰਦ ਮਾਣਿਆ ਤੇ ਮਗਰੋਂ ਚਾਹ ਵੀ ਪੀਤੀ। ਇਸ ਦੌਰਾਨ ਨੇੜਲੇ ਖੇਤਾਂ ਵਿੱਚੋਂ ਕਿਸਾਨ ਇਕੱਠੇ ਹੋ ਗਏ ਤੇ ਕੇਜਰੀਵਾਲ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਸ੍ਰੀ ਕੇਜਰੀਵਾਲ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਆਉਣ ’ਤੇ ਕਿਸਾਨੀ ਨੂੰ ਲਾਹੇਵੰਦ ਧੰਦੇ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਨੋਰਥ ਲਈ ਖੇਤੀਬਾੜੀ ਦੇ ਧੰਦੇ ਨਾਲ ਸਬੰਧਤ ਨੀਤੀਆਂ ਵਿੱਚ ਵੱਡੇ ਪੱਧਰ ’ਤੇ ਤਬਦੀਲੀ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰੀ ਜਾ ਸਕੇ। ਉਨ੍ਹਾਂ ਚੋਣਾਂ ਵਿੱਚ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕੀਤੀ ਅਤੇ ‘ਆਪ’ ਦੀ ਸਰਕਾਰ ਬਣਾਉਣ ਦਾ ਸੱਦਾ ਵੀ ਦਿੱਤਾ।