ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਜਨਵਰੀ
ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਾਲ ਆਪਣੀ ਸ਼ਰਾਬ ਨੀਤੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕਰਨਾ ਚਾਹੁੰਦੇ ਬਲਕਿ ਪੂਰੀ ਤਰ੍ਹਾਂ ਨਸ਼ੇੜੀ ਬਣਾਉਣ ਦੇ ਏਜੰਡੇ ’ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਉਨ੍ਹਾਂ ਦੇ ਕੁਝ ਆਗੂ ਪੰਜਾਬ ਵਿੱਚ ਵਾਰ-ਵਾਰ ਦਿੱਲੀ ਮਾਡਲ ਲਾਗੂ ਕਰਨ ਦੀ ਗੱਲ ਕਰਦੇ ਰਹਿੰਦੇ ਹਨ। ਸ੍ਰੀ ਗੁਪਤਾ ਨੇ ‘ਆਪ’ ਆਗੂਆਂ ਅਤੇ ਜਨਤਾ ਨੂੰ ਸਵਾਲ ਕੀਤਾ ਕਿ ਅਖੀਰ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦਾ ਦਿੱਲੀ ਮਾਡਲ ਕੀ ਹੈ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ’ਚ ਸ਼ਰਾਬ ਦੀਆਂ ਦੁਕਾਨਾਂ ਦੀ ਗਿਣਤੀ ਵਧਾ ਕੇ 859 ਕਰਨ ਦਾ ਐਲਾਨ ਕੀਤਾ, ਜੋ ਉਨ੍ਹਾਂ ਦੇ ਦਿੱਲੀ ਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ 220 ਸੀ। ਦੂਜੇ ਪਾਸੇ ਕੇਜਰੀਵਾਲ ਨੇ ਦਿੱਲੀ ਵਿੱਚ ਸ਼ਰਾਬ ਖਰੀਦਣ ਵਾਲਿਆਂ ਦੀ ਉਮਰ ਹੱਦ ਵੀ 25 ਤੋਂ ਘਟਾ ਕੇ 21 ਸਾਲ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਵਿੱਚ ਸਕੂਲਾਂ-ਕਾਲਜਾਂ ਦੀ ਗਿਣਤੀ ਤੇ ਸੁਰੱਖਿਆ ਵਧਾਉਣ ਨਾਲੋਂ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਆਰਥਿਕ ਸੁਧਾਰਾਂ ਲਈ ਰੋਡ ਮੈਪ ਤਿਆਰ ਹੈ ਅਤੇ ਪੰਜਾਬ ਵਿੱਚ ਸੱਤਾ ਵਿਚ ਆਉਣ ’ਤੇ ਇਸ ਨੂੰ ਲਾਗੂ ਕਰੇਗੀ।