ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਜਨਵਰੀ
ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਪੰਜਾਬੀ ਭਾਸ਼ਾ ਸਿੱਖਣ ਦਾ ਮਿਸ਼ਨ ਪੂਰਾ ਨਹੀਂ ਹੋ ਸਕਿਆ ਤੇ ਉਹ ਪੰਜਾਬੀ ਭਾਸ਼ਾ ਦਾ ਗਿਆਨ ਨਹੀਂ ਲੈ ਸਕੇ। 2014 ਵਿੱਚ ਪੰਜਾਬ ’ਚੋਂ ਲੋਕ ਸਭਾ ਦੀਆਂ 4 ਸੀਟਾਂ ਜਿੱਤਣ ਮਗਰੋਂ ਸ੍ਰੀ ਕੇਜਰੀਵਾਲ ਨੇ 2016 ਵਿੱਚ ਪੰਜਾਬੀ ਭਾਸ਼ਾ ਸਿੱਖਣ ਲਈ ਪੰਜਾਬੀ ਜਾਨਣ ਵਾਲੇ ਅਧਿਕਾਰੀਆਂ ਦੀਆਂ ਸੇਵਾਵਾਂ ਲਈਆਂ ਸਨ। ਸੂਤਰਾਂ ਮੁਤਾਬਕ ਦਿੱਲੀ ਸਰਕਾਰ ਵਿੱਚ ਪੰਜਾਬੀ ਭਾਸ਼ਾ ਜਾਨਣ ਵਾਲੇ ਇਹ ਅਧਿਕਾਰੀ ਵਾਰੀ-ਵਾਰੀ ਦਿੱਲੀ ਦੇ ਮੁੱਖ ਮੰਤਰੀ ਨੂੰ ਭਾਸ਼ਾਈ ਗਿਆਨ ਦੇਣ ਲਈ ਸਰਕਾਰੀ ਰਿਹਾਇਸ਼ ’ਤੇ ਜਾਂਦੇ ਸਨ। ਉਦੋਂ ਇਹ ਮੰਨਿਆ ਜਾ ਰਿਹਾ ਸੀ ਕਿ ਸ੍ਰੀ ਕੇਜਰੀਵਾਲ ਪੰਜਾਬੀਆਂ ਨਾਲ ਆਪਣੀ ਨੇੜਤਾ ਹੋਰ ਵਧਾਉਣ ਲਈ ਪੰਜਾਬੀ ਦਾ ਗਿਆਨ ਲੈਣਾ ਚਾਹੁੰਦੇ ਸਨ। ਉਨ੍ਹਾਂ ਕੁਝ ਸਮਾਂ ਪੰਜਾਬੀ ਸਿੱਖਣ ਲਈ ਲਾਇਆ ਵੀ ਸੀ ਤੇ ਉਹ ਪੰਜਾਬ ਵਾਸੀਆਂ ਨੂੰ ‘ਆਪ’ ਦੇ ਨੇੜੇ ਸਮਝਦੇ ਹਨ। ਇਸੇ ਕਰਕੇ ਹੀ ਸ੍ਰੀ ਕੇਜਰੀਵਾਲ ਨੇ ਇਸ ਵਾਰ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਦਾ ਇੰਚਾਰਜ ਤੇ ਵਿਧਾਇਕ ਰਾਘਵ ਚੱਢਾ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਹੈ।