ਪਾਲ ਸਿੰਘ ਨੌਲੀ
ਜਲੰਧਰ, 15 ਦਸੰਬਰ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਜਲੰਧਰ ਵਿਚ ਤਿਰੰਗਾ ਯਾਤਰਾ ਕੱਢੀ। ਇਸ ਤਿਰੰਗਾ ਯਾਤਰਾ ਵਿਚ ਸ਼ਾਮਲ ਹੋਣ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਾਰਟੀ ਵਰਕਰ ਆਏ ਹੋਏ ਸਨ। ਇਹ ਯਾਤਰਾ ਸਥਾਨਕ ਭਗਵਾਨ ਵਾਲਮੀਕਿ ਚੌਕ ਤੋਂ ਸ਼ੁਰੂ ਹੋ ਕੇ ਡਾ. ਬੀਆਰ ਅੰਬੇਡਕਰ ਚੌਕ ਪੁੱਜ ਕੇ ਸਮਾਪਤ ਹੋਈ। ਯਾਤਰਾ ਦੀ ਸਮਾਪਤੀ ਮੌਕੇ ਕੇਜਰੀਵਾਲ ਨੇ ਦੋਆਬੇ ਦੇ ਲੋਕਾਂ ਨੂੰ ਦੋ ਵੱਡੇ ਤੋਹਫਿਆਂ ਦੀ ਗਾਰੰਟੀ ਦਿੰਦਿਆਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ’ਤੇ ਜਲੰਧਰ ਵਿਚ ਕੌਮਾਂਤਰੀ ਪੱਧਰ ਦਾ ਹਵਾਈ ਅੱਡਾ ਬਣਾਇਆ ਜਾਵੇਗਾ ਤੇ ਸਪੋਰਟਸ ਯੂਨੀਵਰਸਿਟੀ ਕਾਇਮ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ। ਇਸ ਨੇ ਕਾਲਾ ਦੌਰ ਦੇਖਿਆ ਹੈ। ਇਥੇ ਆਪਸੀ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਸਾਨ ਅੰਦੋਲਨ ’ਚ ਨਿਭਾਈ ਗਈ ਪੰਜਾਬ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸੂਬੇ ਦੇ ਕਿਸਾਨਾਂ ਨੂੰ ਸਲਾਮ ਕਰਦੇ ਹਨ, ਜਿਨ੍ਹਾਂ ਨੇ ਦਿੱਲੀ ਦੀਆਂ ਹੱਦਾਂ ’ਤੇ ਸਾਲ ਭਰ ਬੈਠ ਕੇ ਕਿਸਾਨ ਵਿਰੋਧੀ ਕਾਨੂੰਨ ਵਾਪਸ ਕਰਵਾਏ।
ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਹਾਲਤ ਦਿਨੋਂ-ਦਿਨ ਬਦਤਰ ਹੋ ਰਹੀ ਹੈ ਪਰ ਲੀਡਰਾਂ ਦੇ ਹੋਟਲ ਅਤੇ ਮਹਿਲ ਬਣਦੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ’ਚ ਹੋਈ ਰੈਲੀ ’ਤੇ ਟਿੱਪਣੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜ ਵਾਰ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ 94 ਸਾਲਾਂ ਦੇ ਹੋ ਗਏ ਹਨ ਤੇ ਫਿਰ ਵੀ ਕਹਿੰਦੇ ਹਨ ਕਿ ਇਕ ਮੌਕਾ ਉਨ੍ਹਾਂ ਨੂੰ ਫਿਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਾਢੇ ਚਾਰ ਸਾਲ ਤੇ ਚਰਨਜੀਤ ਸਿੰਘ ਚੰਨੀ ਦੇ 90 ਦਿਨਾਂ ਦੀ ਕਾਰਗੁਜ਼ਾਰੀ ਪੰਜਾਬ ਕਾਂਗਰਸ ਦੀ ਸਮੁੱਚੀ ਕਾਰਗੁਜ਼ਾਰੀ ਮੰਨੀ ਜਾਵੇਗੀ। ਇਸ ਦੌਰਾਨ ਕੇਜਰੀਵਾਲ ਨੇ ਜਲੰਧਰ ਵਿੱਚ ਵਪਾਰੀਆਂ ਨਾਲ ਵੀ ਮੀਟਿੰਗ ਕੀਤੀ। ਇਸ ਮੌਕੇ ਰਾਘਵ ਚੱਢਾ, ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਥਾਨਕ ਆਗੂਆਂ ਵਿਚ ਸੁਰਿੰਦਰ ਸਿੰਘ ਸੋਢੀ ਤੇ ਹੋਰ ਆਗੂ ਹਾਜ਼ਰ ਸਨ।
ਕੇਜਰੀਵਾਲ ਨਾਗਪੁਰ ਵਿੱਚ ਤਿਰੰਗਾ ਯਾਤਰਾ ਕੱਢੇ: ਖਾਲੜਾ ਮਿਸ਼ਨ
ਅੰਮ੍ਰਿਤਸਰ (ਪੱਤਰ ਪ੍ਰੇਰਕ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਿਹਾ ਕਿ ਕੇਜਰੀਵਾਲ ਤਿਰੰਗਾ ਯਾਤਰਾ ਦੀ ਆੜ ਵਿੱਚ ਸਿੱਖੀ ਨੂੰ ਵੰਗਾਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਤਿਰੰਗਾ ਯਾਤਰਾ ਨਾਗਪੁਰ ਵਿੱਚ ਕਰਨੀ ਚਾਹੀਦੀ ਸੀ, ਜਿੱਥੇ ਲਗਾਤਾਰ ਤਿਰੰਗੇ ਦਾ ਵਿਰੋਧ ਹੁੰਦਾ ਰਿਹਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੱਸਣ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਕਿਉਂ ਨਹੀਂ ਹੋ ਰਹੀ।