ਸੁਰਜੀਤ ਮਜਾਰੀ
ਬੰਗਾ, 22 ਜਨਵਰੀ
ਕਰੋਨਾ ਕਰਕੇ ਲੱਗੀਆਂ ਪਾਬੰਦੀਆਂ ਨੇ ਸਿਆਸੀ ਆਗੂਆਂ ਨੂੰ ਪੜ੍ਹਨੇ ਪਾਇਆ ਹੋਇਆ ਹੈ, ਜਿਸ ਕਾਰਨ ਉਹ ਰਵਾਇਤੀ ਚੋਣ ਪ੍ਰਚਾਰ ਲਈ ਤਰਸੇ ਪਏ ਹਨ। ਸਿਆਸੀ ਆਗੂ ਨਾ ਤਾਂ ਚੋਣ ਜਲਸੇ ਅਤੇ ਰੈਲੀਆਂ ਕਰ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਸਵਾਗਤ ਲਈ ਪਹਿਲਾਂ ਵਾਂਗ ਵੱਡੇ ਇਕੱਠ ਹੋ ਰਹੇ ਹਨ। ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਮਗਰੋਂ ਸਿਆਸੀ ਪਾਰਟੀਆਂ ਨੂੰ ਵਿਧਾਨ ਸਭਾ ਪੱਧਰ ’ਤੇ ਹੋਣ ਵਾਲੀਆਂ ਰੈਲੀਆਂ ਰੱਦ ਕਰਨੀਆਂ ਪਈਆਂ ਹਨ। ਇਸ ਵਾਰ ਸਪੀਕਰਾਂ ਰਾਹੀਂ ਚੋਣ ਪ੍ਰਚਾਰ ਦੀ ਥਾਂ ਉਮੀਦਵਾਰ ਵੋਟਰਾਂ ਦੇ ਕੰਨਾਂ ’ਚ ਹੀ ਘੁਸਰ-ਮੁਸਰ ਕਰਦੇ ਨਜ਼ਰੀਂ ਪੈ ਰਹੇ ਹਨ।
ਚੋਣਾਂ ਦੇ ਦਿਨਾਂ ਦੌਰਾਨ ਪਿੰਡਾਂ ਤੇ ਸ਼ਹਿਰਾਂ ਵਿੱਚ ਸਥਾਨਕ ਆਗੂਆਂ ਵੱਲੋਂ ਸ਼ਕਤੀ ਪ੍ਰਦਰਸ਼ਨ ਕਰਨ ਲਈ ਆਪਣੇ ਚਹੇਤੇ ਉਮੀਦਵਾਰਾਂ ਨੂੰ ਲੱਡੂਆਂ ਅਤੇ ਸਿੱਕਿਆਂ ਨਾਲ ਤੋਲਣ ਦੇ ਦ੍ਰਿਸ਼ ਵੀ ਇਸ ਵਾਰ ਦਿਖਾਈ ਨਹੀਂ ਦੇ ਰਹੇ ਹਨ। ਦੂਜੇ ਬੰਨ੍ਹੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਕਾਰਨ ਸਿਆਸੀ ਆਗੂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੀ ਥਾਂ ਹੁਣ ਇੱਕ-ਦੋ ਗੱਡੀਆਂ ’ਚ ਜਾ ਕੇ ਹੀ ਚੋਣ ਪ੍ਰਚਾਰ ਕਰ ਰਹੇ ਹਨ। ਸਮਾਜਿਕ ਸਾਂਝ ਸੰਸਥਾ ਬੰਗਾ ਦੇ ਪ੍ਰਧਾਨ ਹਰਮਿੰਦਰ ਸਿੰਘ ਤਲਵੰਡੀ ਨੇ ਕਿਹਾ ਕਿ ਇਸ ਵਾਰ ਕਰੋਨਾ ਅਤੇ ਚੋਣ ਜ਼ਾਬਤੇ ਦੀਆਂ ਹਦਾਇਤਾਂ ਦੀ ਪਾਲਣਾ ਨਾਲ ਚੋਣਾਂ ਦੌਰਾਨ ਆਵਾਜ਼ ਅਤੇ ਪੋਸਟਰ ਪ੍ਰਦੂਸ਼ਣ ਨੂੰ ਵੱਡੇ ਪੱਧਰ ’ਤੇ ਠੱਲ੍ਹ ਪਈ ਹੈ।
ਕਰੋਨਾ ਕਾਲ ਦੌਰਾਨ ਬਣੇ ਅਜਿਹੇ ਹਾਲਾਤ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਕਾਰਨ ਚੋਣ ਪ੍ਰਚਾਰ ਦੇ ਬਦਲੇ ਰੰਗ ਢੰਗ ਪ੍ਰਤੀ ਸਿਆਸੀ ਆਗੂਆਂ ਵੱਲੋਂ ਆਪਣੀ ਹੀ ਕਿਸਮ ਦੀ ਪ੍ਰਤੀਕਿਰਿਆ ਕੀਤੀ ਗਈ ਹੈ। ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਵੱਡੀਆਂ ਰੈਲੀਆਂ ਜਾਂ ਚੋਣ ਇਕੱਠ ਕਿਸੇ ਧਿਰ ਦੀ ਸਥਾਪਤੀ ਦਾ ਅਨੁਵਾਦ ਨਹੀਂ ਕਰ ਸਕਦੇ, ਸਗੋਂ ਲੋਕਾਂ ਦੇ ਦਿਲਾਂ ਅੰਦਰ ਸਿਆਸੀ ਪਾਰਟੀ ਜਾਂ ਉਮੀਦਵਾਰ ਦੇ ਮਾਣ ਲਈ ਥਾਂ ਹੋਣੀ ਚਾਹੀਦੀ ਹੈ। ਦੂਜੇ ਪਾਸੇ ਕਾਂਗਰਸ ਆਗੂ ਠੇਕੇਦਾਰ ਰਾਜਿੰਦਰ ਸਿੰਘ ਨੇ ਕਿਹਾ ਕਿ ਮੁੱਲ ਦੇ ਨਕਲੀ ਇਕੱਠ ਕਰਨ ਨਾਲੋਂ ਸਿਆਸੀ ਆਗੂਆਂ ਦਾ ਲੋਕਾਂ ਨਾਲ ਸਿੱਧਾ ਰਾਬਤਾ ਹੋਣਾ ਅਹਿਮ ਗੱਲ ਹੈ। ਇਵੇਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਦਵਾਜ ਨੇ ਦੱਸਿਆ ਕਿ ਕਰੋਨਾ ਅਤੇ ਚੋਣ ਜ਼ਾਬਤੇ ਸਬੰਧੀ ਬਣੇ ਨਿਯਮਾਂ ਦੀ ਪਾਲਣਾ ਕਰਨੀ ਸਾਰੀਆਂ ਸਿਆਸੀ ਧਿਰਾਂ ਦਾ ਫ਼ਰਜ਼ ਬਣਦਾ ਹੈ।