ਮੁਖ਼ਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 20 ਦਸੰਬਰ
ਦਿੱਲੀ ਦੇ ਸਿੰਘੂ ਬਾਰਡਰ ਤੋਂ ਵਾਪਸ ਪਰਤਦਿਆਂ ਕਰਨਾਲ ਕੋਲ ਵਾਪਰੇ ਸੜਕ ਹਾਦਸੇ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸਫੇੜਾ ਦੇ ਦੋ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਗੁਰਦੁਆਰੇ ਵਿੱਚ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਹਲਕਾ ਇੰਚਾਰਜ ਸਨੌਰ ਹਰਿੰਦਰਪਾਲ ਸਿੰਘ ਹੈਰੀਮਾਨ ਅਤੇ ਨਾਇਬ ਤਹਿਸੀਲਦਾਰ ਪਟਿਆਲਾ ਪਵਨਦੀਪ ਸਿੰਘ ਨੇ ਦੋਵਾਂ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ 5-5 ਲੱਖ ਅਤੇ ਹਾਦਸੇ ’ਚ ਜ਼ਖ਼ਮੀ ਹੋਣ ਵਾਲੇ ਪੰਜ ਕਿਸਾਨਾਂ ਨੂੰ 50-50 ਹਜ਼ਾਰ ਦੇ ਚੈੱਕ ਸੌਂਪੇ। ਸਮਾਗਮ ਦੌਰਾਨ ਪਿੰਡ ਸਫੇੜਾ ਦੇ ਮ੍ਰਿਤਕ ਲਾਭ ਸਿੰਘ ਪੁੱਤਰ ਅਮਿਤ ਸਿੰਘ ਅਤੇ ਗੁਰਪ੍ਰੀਤ ਸਿੰਘ (22) ਪੁੱਤਰ ਬਲਵਿੰਦਰ ਸਿੰਘ ਦੇ ਵਾਰਸਾਂ ਨੂੰ 5-5 ਲੱਖ ਰੁਪਏ ਅਤੇ ਜ਼ਖ਼ਮੀ ਕੁਲਵੰਤ ਸਿੰਘ (45) ਪੁੱਤਰ ਬਖਸ਼ੀਸ਼ ਸਿੰਘ, ਹਰਦੇਵ ਸਿੰਘ (50) ਪੁੱਤਰ ਭਜਨ ਸਿੰਘ, ਸੁਖਵਿੰਦਰ ਸਿੰਘ (50) ਪੁੱਤਰ ਬਚਨ ਸਿੰਘ, ਹਰਵਿੰਦਰ ਸਿੰਘ (45) ਪੁੱਤਰ ਬਚਨ ਸਿੰਘ, ਗੁਰਮੇਲ ਸਿੰਘ (35) ਪੁੱਤਰ ਭਾਗ ਸਿੰਘ ਅਤੇ ਨਰਿੰਦਰ ਸਿੰਘ (40) ਪੁੱਤਰ ਕਰਨੈਲ ਸਿੰਘ ਨੂੰ 50-50 ਹਜ਼ਾਰ ਰੁਪਏ ਦੀ ਮਾਲੀ ਮਦਦ ਦਿੱਤੀ ਗਈ। ਇਸ ਮੌਕੇ ਰਿੱਕੀਮਾਨ ਚੇਅਰਮੈਨ, ਅਮਨ ਨੈਣਾ ਉਪ ਚੇਅਰਮੈਨ, ਡਾ. ਗੁਰਮੀਤ ਬਿੱਟੂ, ਅਸ਼ਵਨੀ ਬੱਤਾ, ਪ੍ਰਭਜਿੰਦਰ ਬੱਚੀ ਮੌਜੂਦ ਸਨ।