ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 7 ਮਾਰਚ
ਰੂਸ-ਯੂਕਰੇਨ ਵਿਚਾਲੇ ਛਿੜੇ ਯੁੱਧ ਦੌਰਾਨ ਪਿਛਲੇ ਗਿਆਰਾਂ ਦਿਨਾਂ ਤੋਂ ‘ਐਜੂ ਪੀਡੀਆ ਓਵਰਸੀਜ਼’ ਦਾ ਮੁਖੀ ਡਾ. ਕਰਨ ਸੰਧੂ ਯੂਕਰੇਨ ਵਿੱਚ ਫਸੇ ਲੋਕਾਂ ਦੀ ਮਦਦ ਲਈ ਡਟਿਆ ਹੋਇਆ ਹੈ। ਉਸ ਦੀ ਮਦਦ ਨਾਲ ਕਰੀਬ 1350 ਵਿਦਿਆਰਥੀ ਯੂਕਰੇਨ ਤੋਂ ਸੁਰੱਖਿਅਤ ਬਾਹਰ ਨਿਕਲੇ ਹਨ। ਡਾ. ਕਰਨ ਸੰਧੂ ਦੀ ਟੀਮ ਵਿੱਚ ਗਗਨ, ਹਰਦੀਪ ਸਿੰਘ, ਮਨੀ ਸਿੰਘ ਚਾਹਲ, ਸਵੈਧੀਨ ਮਲਹੋਤਰਾ, ਡਾ. ਅਮਰ ਕੌਰ ਅਤੇ ਅੱਬਾਸ ਸਮੇਤ ਹੋਰ ਲੋੜਵੰਦਾਂ ਦੀ ਮਦਦ ਵਿੱਚ ਜੁਟੇ ਹੋਏ ਹਨ। ਡਾ. ਕਰਨ ਸੰਧੂ ਦੇ ਪਿਤਾ ਡਾ. ਤੇਜਪਾਲ ਸਿੰਘ ਸੰਧੂ ਨੇ ਦੱਸਿਆ ਕਿ ਯੁੱਧ ਦੌਰਾਨ ਉਸ ਨੇ ਕਰੀਬ 4500 ਲੋਕਾਂ ਨੂੰ ਖਾਣਾ ਮੁਹੱਈਆ ਕਰਵਾਇਆ। ਇਸ ਤੋਂ ਇਲਾਵਾ ਖਾਰਕੀਵ ਵਿੱਚ ਫਸੇ 250 ਵਿਦਿਆਰਥੀਆਂ ਨੂੰ ਰੇਲਾਂ ਰਾਹੀਂ ਉੱਥੋਂ ਕੱਢਿਆ ਅਤੇ ਹੋਰ ਵਿਦਿਆਰਥੀਆਂ ਨੂੰ ਰੇਲ ਗੱਡੀ ਵਿੱਚ ਜਗ੍ਹਾ ਨਾ ਮਿਲਣ ’ਤੇ ਉਨ੍ਹਾਂ ਲਈ ਖ਼ੁਦ ਬੱਸਾਂ ਦਾ ਪ੍ਰਬੰਧ ਕੀਤਾ। ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜੰਗ ਦੇ ਮਾਹੌਲ ਦੌਰਾਨ ਆਪਣੀ ਕਾਰ ਰਾਹੀਂ ਖਾਣਾ ਲਿਜਾ ਕੇ ਬੰਕਰਾਂ ਵਿੱਚ ਬੈਠੇ ਲੋਕਾਂ ਨੂੰ ਵੰਡਦਾ ਰਿਹਾ। ਇੱਕ ਵਾਰ ਉਸ ਨੂੰ ਫ਼ੌਜ ਨੇ ਰੋਕਿਆ ਵੀ ਅਤੇ ਸੜਕ ’ਤੇ ਲੰਮਾ ਪਾ ਲਿਆ। ਫੌਜੀਆਂ ਨੇ ਉਸ ਦੀ ਗੱਡੀ ਦੀ ਤਲਾਸ਼ੀ ਲਈ ਅਤੇ ਤਸੱਲੀ ਕਰਨ ਮਗਰੋਂ ਛੱਡ ਦਿੱਤਾ।
ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਡਾ. ਕਰਨ ਸੰਧੂ ਦੇ ਕੰਮਾਂ ਦੀ ਸ਼ਲਾਘਾ ਕੀਤੀ। ਮੁਕਤਸਰ ਦੇ ਰਣਜੀਤ ਸਿੰਘ, ਅਸ਼ੋਕ ਚਾਵਲਾ ਅਤੇ ਅੰਮ੍ਰਿਤਸਰ ਦੇ ਅਸ਼ੋਕ ਕੁਮਾਰ, ਡਾ. ਗੁਰਚਰਨ ਸਿੰਘ ਨੇ ਉਨ੍ਹਾਂ ਦੇ ਬੱਚਿਆਂ ਦੀ ਘਰ ਵਾਪਸੀ ਲਈ ਪਾਏ ਯੋਗਦਾਨ ਬਦਲੇ ਡਾ. ਕਰਨ ਸੰਧੂ ਦੀ ਸਰਾਹਨਾ ਕੀਤੀ। ਯੂਕਰੇਨ ਤੋਂ ਪਰਤੀ ਮਹਿਕਪ੍ਰੀਤ ਕੌਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਖਾਰਕੀਵ ਛੱਡਣ ਦੀ ਐਡਵਾਇਜ਼ਰੀ ਜਾਰੀ ਕਰਨ ਮਗਰੋਂ ਡਾ. ਕਰਨ ਸੰਧੂ ਖ਼ੁਦ ਛੇ ਸੌ ਵਿਦਿਆਰਥੀਆਂ ਨਾਲ ਅੱਠ ਕਿਲੋਮੀਟਰ ਪੈਦਲ ਸਫ਼ਰ ਕਰਕੇ ਪਿਸੋਚਿਨ ਤੱਕ ਗਿਆ।