ਨਿੱਜੀ ਪੱਤਰ ਪ੍ਰੇਰਕ
ਮੋਗਾ, 7 ਮਈ
ਕਪੂਰਥਲਾ ਜੇਲ੍ਹ ਸੁਪਰਡੈਂਟ ਨੂੰ ‘ਨਿੰਬੂ’ ਦਾ ਸੁਆਦ ਲੈ ਡੁੱਬਿਆ। ਅਚਨਚੇਤ ਨਿਰੀਖਣ ਦੌਰਾਨ ਕਥਿਤ 50 ਕਿਲੋ ਫ਼ਰਜ਼ੀ ਨਿੰਬੂਆਂ ਦੀ ਖਰੀਦ ਅਤੇ ਜੇਲ੍ਹ ਵਿੱਚ ਕੈਦੀਆਂ ਦੇ ਰਾਸ਼ਨ ਤੇ ਹੋਰ ਬੇਨਿਯਮੀਆਂ ਕਾਰਨ ਸਰਕਾਰ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਸੂਬੇ ਦੇ ਏਡੀਜੀਪੀ ਜੇਲ੍ਹਾਂ ਵਰਿੰਦਰ ਕੁਮਾਰ ਨੇ ਕਿਹਾ ਕਿ ਬੇਨਿਯਮੀਆਂ ਤੇ ਊਣਤਾਈਆਂ ਸਾਹਮਣੇ ਆਉਣ ’ਤੇ ਕਿਸੇ ਅਧਿਕਾਰੀ ਨਾਲ ਕੋਈ ਲਿਹਾਜ਼ ਨਹੀਂ ਹੋਵੇਗਾ, ਕਪੂਰਥਲਾ ਜੇਲ੍ਹ ਸੁਪਰਡੈਂਟ ਗੁਰਨਾਮ ਲਾਲ ਨੂੰ ਇਸੇ ਕਰਕੇ ਮੁਅੱਤਲ ਕੀਤਾ ਗਿਆ ਹੈ। ਮੁਅੱਤਲ ਜੇਲ੍ਹ ਸੁਪਰਡੈਂਟ ਨੇ 15 ਤੋਂ 30 ਅਪਰੈਲ ਤੱਕ ਕਥਿਤ ਤੌਰ ’ਤੇ 50 ਕਿਲੋ ਨਿੰਬੂਆਂ ਦੀ ਫ਼ਰਜ਼ੀ ਖਰੀਦਦਾਰੀ ਕੀਤੀ ਸੀ। ਏਡੀਜੀਪੀ ਨੇ ਕਿਹਾ ਕਿ ਪੰਜਾਬ ਦੀ ਜੇਲ੍ਹ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਅਧਿਕਾਰੀ ਟੀਮ ਬਣਾ ਕੇ ਕੰਮ ਕਰਨ।