ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 31 ਮਈ
ਕਿਸਾਨ ਸੰਘਰਸ਼ ਦਾ ਵਿਰੋਧ ਕਰਨ ਸਣੇ ਹੋਰ ਕਈ ਕਾਰਨਾਂ ਕਰਕੇ ਵਿਵਾਦਾਂ ਵਿੱਚ ਘਿਰੀ ਫਿਲਮ ਅਦਾਕਾਰ ਕੰਗਨਾ ਰਣੌਤ ਨੇ ਅੱਜ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਸ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਲਿਖਿਆ ਕਿ ਉਹ ਇੱਥੇ ਆ ਕੇ ਬਹੁਤ ਪ੍ਰਭਾਵਿਤ ਹੋਈ ਹੈ। ਉਸ ਨੂੰ ਰੂਹਾਨੀ ਆਨੰਦ ਦੀ ਪ੍ਰਾਪਤੀ ਮਹਿਸੂਸ ਹੋਈ ਹੈ। ਉਹ ਅੱਜ ਆਪਣੇ ਪਰਿਵਾਰ ਦੇ ਜੀਆਂ ਨਾਲ ਹਰਿਮੰਦਰ ਸਾਹਿਬ ਪੁੱਜੀ ਸੀ। ਇਸ ਦੌਰਾਨ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਅਦਾਕਾਰਾ ਨੇ ਪੰਜਾਬੀ ਸੂਟ ਪਾਇਆ ਹੋਇਆ ਸੀ ਅਤੇ ਸਿਰ ’ਤੇ ਦੁਪੱਟਾ ਲਿਆ ਹੋਇਆ ਸੀ। ਪਰਿਕਰਮਾ ਕਰਨ ਮਗਰੋਂ ਉਸ ਨੇ ਮੱਥਾ ਟੇਕਿਆ। ਉਸ ਨੇ ਰਿਸ਼ਤੇਦਾਰ ਦੇ ਬੱਚੇ ਨੂੰ ਚੁੱਕ ਕੇ ਫੋਟੋ ਵੀ ਖਿਚਵਾਈ। ਇਸ ਦੌਰਾਨ ਉਹ ਮੀਡੀਆ ਨਾਲ ਗੱਲ ਕਰਨ ਵਾਸਤੇ ਤਿਆਰ ਹੋ ਗਈ ਸੀ ਪਰ ਮੀਡੀਆ ਦੀ ਬੇਕਾਬੂ ਭੀੜ ਕਾਰਨ ਉਹ ਕਾਰ ਵਿੱਚ ਬੈਠ ਕੇ ਗੱਲ ਕਰਨ ਬਾਰੇ ਆਖ ਕੇ ਬਾਹਰ ਆ ਗਈ ਤੇ ਕਾਰ ਵਿੱਚ ਬੈਠਣ ਮਗਰੋਂ ਹਵਾਈ ਅੱਡੇ ਲਈ ਰਵਾਨਾ ਹੋ ਗਈ। ਇਸ ਦੌਰਾਨ ਉਸ ਨੇ ਸਿਰਫ਼ ਇੰਨਾ ਹੀ ਕਿਹਾ ਕਿ ਗੁਰੂ ਘਰ ਆ ਕੇ ਉਸ ਨੂੰ ਰੂਹਾਨੀ ਖ਼ੁਸ਼ੀ ਮਹਿਸੂਸ ਹੋਈ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਲਿਖਿਆ ਕਿ ਉਹ ਅੱਜ ਪਹਿਲੀ ਵਾਰ ਇੱਥੇ ਨਤਮਸਤਕ ਹੋਈ ਹੈ। ਉਸ ਨੇ ਕਿਹਾ ਕਿ ਉਸ ਦੇ ਪਰਿਵਾਰਕ ਮੈਂਬਰ ਪਹਿਲਾਂ ਵੀ ਇੱਥੇ ਨਤਮਸਤਕ ਹੁੰਦੇ ਰਹੇ ਹਨ।