ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ਦੌਰਾਨ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਗੈਂਗਸਟਰ ਹੈਪੀ ਸ਼ਾਹ ਦਾ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾਉਣ ਸਬੰਧੀ ਹਾਈ ਕੋਰਟ ਦੇ ਮੌਜੂਦਾ ਜੱਜ ਜਾਂ ਸੀਬੀਆਈ ਤੋਂ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕਤਲ ਮਾਮਲੇ ਦੀਆਂ ਤਾਰਾਂ ਕਾਂਗਰਸੀ ਆਗੂਆਂ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਦੋ ਕੈਬਨਿਟ ਮੰਤਰੀਆਂ ਦੇ ਨੇੜਲੇ ਕਾਂਗਰਸੀ ਆਗੂਆਂ ਵੱਲੋਂ ਇੱਕ ਗੈਂਗਸਟਰ ਦਾ ਬਟਾਲਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾਇਆ ਗਿਆ ਹੈ। ਵੀਡੀਓ ਬਾਰੇ ਉਨ੍ਹਾਂ ਦੱਸਿਆ ਕਿ ਇਹ ਸੀਸੀਟੀਵੀ ਫੁਟੇਜ ਬਟਾਲਾ ਦੇ ਨਿੱਜੀ ਹਸਪਤਾਲ ਦੀ ਹੈ, ਜਿੱਥੇ ਕੁਝ ਕਾਂਗਰਸੀ ਆਗੂਆਂ ਦੀ ਹਾਜ਼ਰੀ ਵਿੱਚ ਜ਼ਖ਼ਮੀ ਗੈਂਗਸਟਰ ਦਾ ਇਲਾਜ ਚੱਲ ਰਿਹਾ ਹੈ। ਵੀਡੀਓ ਵਿੱਚ ਦਿਖਾਈ ਦਿੰਦੇ ਤਿੰਨ ਕਾਂਗਰਸੀ ਆਗੂ ਕੌਂਸਲਰ ਅਤੇ ਸਥਾਨਕ ਯੂਥ ਇੰਚਾਰਜ ਹਨ, ਜੋ ਉਸ ਹਸਪਤਾਲ ਦੇ ਬਾਹਰ ਵੀ ਖੜ੍ਹੇ ਸਨ, ਜਿੱਥੇ ਕੰਦੋਵਾਲੀਆ ਦਾ ਕਤਲ ਹੋਇਆ ਸੀ। ਦੋ ਘੰਟੇ ਬਾਅਦ ਇਹੀ ਆਗੂ ਹਸਪਤਾਲ ਪੁੱਜ ਗਏ।
ਕੰਦੋਵਾਲੀਆ ਕਤਲ ਕੇਸ ਵਿੱਚ ਇੱਕ ਹੋਰ ਮੁਲਜ਼ਮ ਗ੍ਰਿਫਤਾਰ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ਮਾਮਲੇ ਵਿੱਚ ਪੁਲੀਸ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛ-ਪੜਤਾਲ ਕਰਨ ਦੀ ਤਿਆਰੀ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ ਮੁਖਵਿੰਦਰ ਸਿੰਘ ਭੁੱਲਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅੱਜ ਇੱਕ ਪੁਲੀਸ ਟੀਮ ਉਸ ਨੂੰ ਲੈਣ ਦਿੱਲੀ ਰਵਾਨਾ ਹੋਵੇਗੀ। ਇਸ ਦੌਰਾਨ ਪੁਲੀਸ ਨੇ ਗੈਂਗਸਟਰ ਕਤਲ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਸ਼ਨਾਖਤ ਖੜਕ ਸਿੰਘ ਉਰਫ਼ ਲਾਡੀ ਵਜੋਂ ਹੋਈ ਹੈ।