ਪੱਤਰ ਪ੍ਰੇਰਕ
ਮੁਕੇਰੀਆਂ, 29 ਜੂਨ
ਕੰਢੀ ਨਹਿਰ ਨੂੰ ਹੇਠਾਂ ਤੋਂ ਕੱਚਾ ਰੱਖਣ ਸਮੇਤ ਹੋਰ ਮੰਗਾਂ ਲਈ ਪਿੰਡ ਮਸਤੀਵਾਲ ਵਿੱਚ ਲਾਏ ਧਰਨੇ ਦਾ ਮੁੱਦਾ ਵਿਧਾਇਕ ਜਸਵੀਰ ਰਾਜਾ ਵੱਲੋਂ ਵਿਧਾਨ ਸਭਾ ’ਚ ਉਠਾਉਣ ਦੇ ਬਾਵਜੂਦ ਪ੍ਰਸ਼ਾਸਨ ਦੀ ਬੇਰੁਖ਼ੀ ਖ਼ਿਲਾਫ਼ ਕਿਸਾਨਾਂ ’ਚ ਰੋਸ ਹੈ।
ਕੰਢੀ ਨਹਿਰ ਦੇ ਬੈੱਡ ਨੂੰ ਪੱਕਾ ਕਰਨ ਖ਼ਿਲਾਫ਼ ਬਾਬਾ ਦੀਪ ਸਿੰਘ ਸੇਵਾ ਦਲ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਅਤੇ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਕਿਸਾਨਾਂ ਦਾ ਧਰਨਾ ਅੱਜ 36ਵੇਂ ਦਿਨ ਵੀ ਜਾਰੀ ਰਿਹਾ, ਜਿਸ ਦੌਰਾਨ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸੇਵਾ ਦਲ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਅਤੇ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਬਰਿਆਣਾ ਨੇ ਕਿਹਾ ਕਿ ਹਲਕਾ ਉੜਮੁੜ ਤੋਂ ਵਿਧਾਇਕ ਜਸਵੀਰ ਰਾਜਾ ਨੂੰ ਦਿੱਤੇ ਮੰਗ ਪੱਤਰ ਉਪਰੰਤ ਉਨ੍ਹਾਂ ਵਲੋਂ ਇਹ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ ਗਿਆ ਪਰ ਇਸ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਮਸਲਾ ਹੱਲ ਕਰਨ ਦੇ ਰੌਂਅ ਵਿੱਚ ਨਜ਼ਰ ਨਹੀਂ ਆ ਰਿਹਾ, ਜਿਸ ਖ਼ਿਲਾਫ਼ ਇਲਾਕਾ ਵਾਸੀਆਂ ਵਿੱਚ ਰੋਸ ਹੈ। ਉਨ੍ਹਾਂ ਦੱਸਿਆ ਕਿ ਕੰਢੀ ਦੇ ਉਪਰਲੇ ਖੇਤਰ ਵਿੱਚ ਸਿੰਚਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਜ਼ਮੀਨ ਦੀ ਸਿੰਚਾਈ ਕੇਵਲ ਵਾਟਰ ਲਿਫਟਿੰਗ ਪ੍ਰਣਾਲੀ ਰਾਹੀਂ ਹੀ ਸੰਭਵ ਹੈ ਪਰ ਸਰਕਾਰ ਜਾਂ ਪ੍ਰਸ਼ਾਸਨ ਇਸ ਪ੍ਰਤੀ ਕੋਈ ਹਾਂਪੱਖੀ ਹੁੰਗਾਰਾ ਨਹੀਂ ਭਰ ਰਿਹਾ। ਇਲਾਕੇ ਦੇ ਲੋਕਾਂ ਅਤੇ ਕਿਸਾਨਾਂ ਦਾ ਸ਼ਾਂਤਮਈ ਧਰਨਾ ਮਸਤੀਵਾਲ ਨਹਿਰ ਦੇ ਕੰਢੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਪਰ ਪੰਜਾਬ ਸਰਕਾਰ, ਪ੍ਰਸ਼ਾਸਨ ਜਾਂ ਜਲ ਸਰੋਤ ਵਿਭਾਗ ਮਸਲੇ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੇ।
ਨਹਿਰੀ ਖਾਲਿਆਂ ਦੀ ਹਾਲਤ ਦੇ ਸੁਧਾਰ ਤੇ ਪਾਣੀ ਟੇਲਾਂ ਤੱਕ ਪੁੱਜਦਾ ਕਰਨ ਲਈ ਕੋਈ ਠੋਸ ਨੀਤੀ ਤਿਆਰ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਮਸਲੇ ਦਾ ਹੱਲ ਕਰਕੇ ਉਸਾਰੀ ਮੁਕੰਮਲ ਕਰਨ ਵਿੱਚ ਹੀ ਕੋਈ ਦਿਲਚਸਪੀ ਦਿਖਾਈ ਜਾ ਰਹੀ ਹੈ। ਧਰਨਾਕਾਰੀਆਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ ਅਤੇ ਨਹਿਰ ਨੂੰ ਹੇਠਾਂ ਤੋਂ ਕੱਚਾ ਰੱਖ ਕੇ ਉਸਾਰੀ ਦਾ ਕੰਮ ਮੁਕੰਮਲ ਕੀਤਾ ਜਾਵੇ।