ਇਕਬਾਲ ਸਿੰਘ ਸ਼ਾਂਤ
ਲੰਬੀ, 31 ਜੁਲਾਈ
ਹਲਕੇ ਦੇ ਪਿੰਡ ਕਬਰਵਾਲਾ ਦੀ ਖਿਡਾਰਨ ਕਮਲਪ੍ਰੀਤ ਕੌਰ ਬੱਲ ਨੇ ਟੋਕੀਓ ਓਲੰਪਿਕ ਵਿੱਚ ਡਿਸਕਸ ਥਰੋਅ ਮੁਕਾਬਲੇ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਕੇ ਆਪਣਾ ਵਜੂਦ ਦਰਸਾ ਦਿੱਤਾ ਹੈ। ਉਸ ਦਾ ਥਰੋਅ 64 ਮੀਟਰ ਰਿਹਾ। ਹੁਣ ਤੱਕ ਡਿਸਕਸ ਥਰੋਅ ’ਚ ਵੱਖ-ਵੱਖ ਰਿਕਾਰਡ ਤੋੜਨ ਲਈ ਜਾਣੀ ਜਾਂਦੀ ਕਮਲਪ੍ਰੀਤ ਇੱਕ ਹੋਰ ਰਿਕਾਰਡ ਤੋੜ ਕੇ ਓਲੰਪਿਕ ’ਚ ਭਾਰਤ ਵੱਲੋਂ ਸਭ ਤੋਂ ਵੱਧ ਸਕੋਰ ਬਣਾਉਣ ਵਾਲੀ ਖਿਡਾਰਨ ਬਣ ਗਈ ਹੈ। ਉਹ ਪਹਿਲਾਂ ਹੀ ਡਿਸਕਸ ਥਰੋਅ ’ਚ 65 ਮੀਟਰ ਸਕੋਰ ਬਣਾਉਣ ਵਾਲੀ ਭਾਰਤੀ ਮਹਿਲਾ ਅਥਲੀਟ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਸ ਪ੍ਰਗਟਾਈ ਕਿ ਕਮਲਪ੍ਰੀਤ ਓਲੰਪਿਕ ਵਿੱਚੋਂ ਤਗ਼ਮਾ ਜਿੱਤ ਕੇ ਭਾਰਤ ਅਤੇ ਲੰਬੀ ਹਲਕੇ ਦਾ ਮਾਣ ਵਧਾਏਗੀ। ਉਨ੍ਹਾਂ ਨੇ ਓਐੱਸਡੀ ਗੁਰਚਰਨ ਸਿੰਘ ਅਤੇ ਅਕਾਲੀ ਆਗੂ ਪਰਮਿੰਦਰ ਸਿੰਘ ਕੋਲਿਆਂਵਾਲੀ ਨੂੰ ਕਮਲਪ੍ਰੀਤ ਕੌਰ ਦੇ ਪਰਿਵਾਰ ਨੂੰ ਵਧਾਈ ਦੇਣ ਲਈ ਕਬਰਵਾਲਾ ਭੇਜਿਆ ਅਤੇ ਖ਼ੁਦ ਕਮਲਪ੍ਰੀਤ ਦੇ ਪਿਤਾ ਕੁਲਦੀਪ ਸਿੰਘ ਨਾਲ ਮੋਬਾਈਲ ’ਤੇ ਗੱਲ ਕਰ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਕਮਲਪ੍ਰੀਤ ਕੌਰ ਦੇ ਪਿਤਾ ਨੇ ਆਖਿਆ ਕਿ ਉਸ ਨੂੰ ਯਕੀਨ ਹੈ ਕਿ ਉਸ ਦੀ ਧੀ ਓਲੰਪਿਕ ਵਿੱਚੋਂ ਤਗ਼ਮਾ ਜ਼ਰੂਰ ਲਿਆਏਗੀ।
ਦੱਸਣਯੋਗ ਹੈ ਕਿ ਕਰੀਬ 9 ਸਾਲਾਂ ’ਚ ਡਿਸਕਸ ਥਰੋਅ ’ਚ ਸਿਖਰਲੇ ਪੜਾਅ ’ਤੇ ਪੁੱਜਣ ਵਾਲੀ ਕਮਲਪ੍ਰੀਤ ਦਾ ਖੇਡ ਸਫ਼ਰ ਸੌਖਾ ਨਹੀਂ ਰਿਹਾ। 2017 ’ਚ ਖੇਡ ਦੌਰਾਨ ਲੱਗੀ ਸੱਟ ਦੇ ਲਗਾਤਾਰ ਦਰਦ ਨੇ ਉਸ ਨੂੰ ਲਗਪਗ ਹਰਾ ਦਿੱਤਾ ਸੀ। ਉਹ ਆਖਦੀ ਹੈ ਕਿ ਉਸ ਨੂੰ ਪਿਤਾ ਕੁਲਦੀਪ ਸਿੰਘ ਬੱਲ ਦੀ ਮਿਹਨਤ ਅਤੇ ਔਖਾ ਸਫ਼ਰ ਯਾਦ ਆਇਆ, ਜਿਸ ’ਤੇ ਉਸ ਨੇ ਪਿੱਠ ਦਰਦ ਨੂੰ ਆਪਣੀ ਤਾਕਤ ਬਣਾ ਲਿਆ। ਕਮਲਪ੍ਰੀਤ ਨੇ ਜਿੱਤਾਂ ਦੀ ਲੜੀ 2014 ’ਚ ਜੂਨੀਅਰ ਨੈਸ਼ਨਲ ਡਿਸਕਸ ਥਰੋਅ ’ਚ 39 ਮੀਟਰ ਸਕੋਰ ਨਾਲ ਸੋਨ ਤਗ਼ਮੇ ਤੋਂ ਵਿੱਢੀ। ਉਸੇ ਸਾਲ ਉਸ ਨੇ ਸਕੂਲ ਖੇਡਾਂ ਅਤੇ 2016 ’ਚ ਓਪਨ ਨੈਸ਼ਨਲ ’ਚ ਸੋਨ ਤਗ਼ਮੇ ਫੁੰਡੇ। ਸੀਨੀਅਰ ਨੈਸ਼ਨਲ ਫੈਡਰੇਸ਼ਨ ਮੁਕਾਬਲਿਆਂ ’ਚ ਸਾਲ 2018, 2019 ਤੇ 2021 ਵਿੱਚ ਲਗਾਤਾਰ ਸੋਨ ਤਗ਼ਮੇ ਜਿੱਤ ਕੇ ਉਸ ਨੇ ਖ਼ੁਦ ਨੂੰ ਸਾਬਤ ਕੀਤਾ।
ਲਗਾਤਾਰ ਜਿੱਤਾਂ ਹਾਸਲ ਕਰਨ ਵਾਲੀ ਕਮਲਪ੍ਰੀਤ ਬੱਲ ਨੂੰ ਰਿਕਾਰਡ ਤੋੜਨ ਦਾ ਜਿਵੇਂ ਸੁਭਾਅ ਪੈ ਗਿਆ ਹੈ। ਉਸ ਨੇ 2016 ’ਚ ਰਾਜਸਥਾਨ ਦੀ ਪਰਮਿਲਾ ਦਾ ਜੂਨੀਅਰ ਖੇਡਾਂ ’ਚ ਰਿਕਾਰਡ ਤੋੜਿਆ। 2107 ’ਚ ਹਰਵੰਤ ਕੌਰ ਵੱਲੋਂ ਸਾਲ 2001 ਵਿੱਚ ਕਾਇਮ ਕੀਤਾ ਰਿਕਾਰਡ ਤੋੜਿਆ। ਫਿਰ ਉਸ ਨੇ ਆਲ ਇੰਡੀਆ ਇੰਟਰ ਰੇਲਵੇ ਖੇਡਾਂ ’ਚ ਲਖਨਊ ਵਿੱਚ ਕ੍ਰਿਸ਼ਨਾ ਪੂਨੀਆ ਦਾ ਰਿਕਾਰਡ ਵੀ ਤੋੜ ਦਿੱਤਾ।