ਵਿਸ਼ਵ ਭਾਰਤੀ
- 20-21 ਅਪਰੈਲ, 2000 : ਹਰਪ੍ਰੀਤ ਕੌਰ ਦੀ ਮੌਤ
w 9 ਜੂਨ 2000 : ਹਾਈ ਕੋਰਟ ਨੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ
-
30 ਮਾਰਚ 2012 : ਵਧੀਕ ਸੈਸ਼ਨ ਜੱਜ ਪਟਿਆਲਾ ਨੇ ਬੀਬੀ ਜਗੀਰ ਕੌਰ, ਨਿਸ਼ਾਨ ਸਿੰਘ, ਪਰਮਜੀਤ ਸਿੰਘ ਰਾਏਪੁਰ, ਦਲਵਿੰਦਰ ਕੌਰ ਢੇਸੀ ਨੂੰ ਦੋਸ਼ੀ ਠਹਿਰਾਇਆ।
-
4 ਦਸੰਬਰ 2018 : ਹਾਈ ਕੋਰਟ ਨੇ ਸਾਰਿਆਂ ਨੂੰ ਬਰੀ ਕੀਤਾ।
ਚੰਡੀਗੜ੍ਹ, 21 ਅਪਰੈਲ
ਕਮਲਜੀਤ 21 ਸਾਲ ਦਾ ਸੀ ਜਦੋਂ ਉਸ ਨੇ ਆਪਣਾ ਪਿਆਰ ਗੁਆਇਆ। ਅਗਲੇ 22 ਸਾਲ ਉਸ ਲਈ ਇਨਸਾਫ਼ ਦੀ ਉਡੀਕ ਕਰਦਿਆਂ ਲੰਘ ਗਏ। ਉਨ੍ਹਾਂ ਕਿਹਾ, ‘ਹੁਣ ਚਾਹੁੰਦਾ ਹਾਂ ਕਿ ਕੇਸ ਖਤਮ ਹੋ ਜਾਵੇ। ਸੁਪਰੀਮ ਕੋਰਟ ਦੇ ਫ਼ੈਸਲੇ ਲਈ 22 ਸਾਲ ਹੋਰ ਉਡੀਕ ਨਹੀਂ ਕਰਨਾ ਚਾਹੁੰਦਾ।’ਬਹੁ-ਚਰਚਿਤ ਹਰਪ੍ਰੀਤ ਕੌਰ ਅਗਵਾ ਤੇ ਹੱਤਿਆ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਦਸੰਬਰ 2018 ’ਚ ਬੀਬੀ ਜਗੀਰ ਕੌਰ, ਦਲਵਿੰਦਰ ਕੌਰ ਢੇਸੀ ਤੇ ਹੋਰਾਂ ਨੂੰ ਬਰੀ ਕੀਤੇ ਜਾਣ ਮਗਰੋਂ ਕਮਲਜੀਤ ਤੇ ਸੀਬੀਆਈ ਨੇ 2019 ’ਚ ਵੱਖ ਵੱਖ ਪਟੀਸ਼ਨਾਂ ਦਾਇਰ ਕਰਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਇਸ ਤੋਂ ਤਿੰਨ ਸਾਲ ਬਾਅਦ ਵੀ ਸੀਬੀਆਈ ਬਨਾਮ ਬੀਬੀ ਜਗੀਰ ਕੌਰ ਤੇ ਹੋਰ ਮਾਮਲਿਆਂ ਦੀ ਸੁਣਵਾਈ ਹੋਣੀ ਬਾਕੀ ਹੈ। ਕਮਲਜੀਤ ਨੇ ਕਿਹਾ, ‘ਮੈਂ ਬਹੁਤ ਕੁਝ ਸਹਿ ਚੁੱਕਾ ਹਾਂ। ਇਸ ਤਰ੍ਹਾਂ ਜਾਂ ਉਸ ਤਰ੍ਹਾਂ, ਸਿਰਫ਼ ਇੱਕ ਫ਼ੈਸਲਾ ਹੀ ਇਸ ਨੂੰ ਖਤਮ ਕਰ ਸਕਦਾ ਹੈ।’ ਇਸ ਮਾਮਲੇ ਦੀ ਕਹਾਣੀ ਢਾਈ ਦਹਾਕੇ ਪਹਿਲਾਂ ਸ਼ੁਰੂ ਹੋਈ ਜਦੋਂ ਬੀਬੀ ਜਗੀਰ ਕੌਰ ਦੀ ਧੀ ਹਰਪ੍ਰੀਤ ਕੌਰ ਤੇ ਉਸ ਦੇ ਹੀ ਪਿੰਡ ਬੇਗੋਵਾਲ ਦੇ ਰਹਿਣ ਵਾਲੇ ਕਮਲਜੀਤ ਸਿੰਘ ਇੱਕ-ਦੂਜੇ ਨੂੰ ਪਸੰਦ ਕਰਨ ਲੱਗੇ ਤੇ ਉਨ੍ਹਾਂ 1999 ’ਚ ਚੰਡੀਗੜ੍ਹ ਦੇ ਇੱਕ ਹੋਟਲ ’ਚ ਚੁੱਪਚਾਪ ਮੰਗਣੀ ਕਰ ਲਈ। ਹਾਲਾਂਕਿ ਬੀਬੀ ਜਗੀਰ ਕੌਰ, ਜੋ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਸਰਕਾਰ ’ਚ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਸੀ, ਕਥਿਤ ਤੌਰ ’ਤੇ ਇਸ ਰਿਸ਼ਤੇ ਦੇ ਖ਼ਿਲਾਫ਼ ਸੀ। ਉਹ ਚਾਹੁੰਦੀ ਸੀ ਕਿ ਉਸ ਦੀ ਧੀ ਦਾ ਵਿਆਹ ਦਲਵਿੰਦਰ ਸਿੰਘ ਢੇਸੀ ਦੇ ਪੁੱਤ ਨਾਲ ਹੋਵੇ, ਜੋ ਯੂਕੇ ’ਚ ਸੀ। ਹਰਪ੍ਰੀਤ ਗਰਭਵਤੀ ਹੋ ਗਈ ਅਤੇ ਸੀਬੀਆਈ ਅਨੁਸਾਰ ਫਗਵਾੜਾ ’ਚ ਢੇਸੀ ਦੇ ਜਸਦਿਲ ਮੈਨਸ਼ਨ ’ਚ ਨਾਜਾਇਜ਼ ਢੰਗ ਨਾਲ ਉਸ ਦਾ ਗਰਭਪਾਤ ਕਰਵਾ ਦਿੱਤਾ ਗਿਆ। ਉਸ ਮਗਰੋਂ ਹਰਪ੍ਰੀਤ ਦੀ ਮੌਤ ਹੋ ਗਈ ਤੇ ਪਿੰਡ ਵਿੱਚ ਹੀ ਚੁੱਪਚਾਪ ਉਸ ਦਾ ਸਸਕਾਰ ਕਰ ਦਿੱਤਾ ਗਿਆ। ਕਮਲਜੀਤ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਿਸ ਨੇ ਕੇਸ ਸੀਬੀਆਈ ਹਵਾਲੇ ਕਰ ਦਿੱਤਾ। ਇਸ ਤੋਂ 12 ਸਾਲ ਬਾਅਦ ਪਟਿਆਲਾ ਦੀ ਅਦਾਲਤ ਨੇ ਬੀਬੀ ਜਗੀਰ ਕੌਰ, ਉਸ ਦੇ ਨਿੱਜੀ ਸੁਰੱਖਿਆ ਅਧਿਕਾਰੀ ਨਿਸ਼ਾਨ ਸਿੰਘ, ਪਰਮਜੀਤ ਸਿੰਘ ਰਾਏਪੁਰ, ਦਲਵਿੰਦਰ ਕੌਰ ਢੇਸੀ ਸਮੇਤ ਉਸ ਦੇ ਸਹਿਯੋਗੀਆਂ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਹਰਪ੍ਰੀਤ ਕੌਰ ਦੇ ਗਰਭਪਾਤ ਦੀ ਸਾਜ਼ਿਸ਼ ਰਚਣ ਲਈ ਪੰਜ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ। ਹਾਲਾਂਕਿ, ਛੇ ਸਾਲਾਂ ਬਾਅਦ ਦਸੰਬਰ 2018 ਵਿੱਚ ਹਾਈ ਕੋਰਟ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਹੁਣ, ਮਾਮਲਾ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ। ਦੋਹਾਂ ਧਿਰਾਂ ਚਾਹੁੰਦੀਆਂ ਹਨ ਕਿ ਮਾਮਲੇ ਦੀ ਜਲਦੀ ਤੋਂ ਜਲਦੀ ਸੁਣਵਾਈ ਹੋਵੇ। ਇੱਥੋਂ ਤੱਕ ਕਿ ਬੀਬੀ ਜਗੀਰ ਕੌਰ ਨੇ ਵੀ ਜਲਦੀ ਸੁਣਵਾਈ ਲਈ ਅਰਜ਼ੀ ਦਾਇਰ ਕੀਤੀ ਸੀ। ਬੀਬੀ ਦਾ ਕਹਿਣਾ ਹੈ ਕਿ ਪਿਛਲੇ 22 ਸਾਲਾਂ ਵਿੱਚ ਇਸ ਮਾਮਲੇ ਨੇ ਨਾ ਸਿਰਫ਼ ਉਨ੍ਹਾਂ ਦੇ ਸਿਆਸੀ ਭਵਿੱਖ ਨੂੰ ਤਬਾਹ ਕਰ ਦਿੱਤਾ, ਬਲਕਿ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਵੀ ਖੋਹ ਲਿਆ। ਕਮਲਜੀਤ ਨੇ ਕਿਹਾ, ‘‘ਮੇਰੀਆਂ ਅੱਜ ਦੀਆਂ ਤਸਵੀਰਾਂ ਪਹਿਲਾਂ ਦੀਆਂ ਤਸਵੀਰਾਂ ਨਾਲ ਮੇਲ ਨਹੀਂ ਖਾਣਗੀਆਂ। ਜਦੋਂ ਮਾਮਲਾ ਸ਼ੁਰੂ ਹੋਇਆ ਤਾਂ ਮੈਂ 21 ਸਾਲਾਂ ਦਾ ਨੌਜਵਾਨ ਸੀ। ਹੁਣ 43 ਸਾਲਾਂ ਦਾ ਹਾਂ। ਤੁਸੀਂ ਤਸਵੀਰਾਂ ਨਾਲ ਫ਼ਰਕ ਦੇਖ ਸਕਦੇ ਹੋ। ਹੋ ਸਕਦਾ ਹੈ ਕਿ ਜਦੋਂ ਸੁਪਰੀਮ ਕੋਰਟ ਦਾ ਫ਼ੈਸਲਾ ਆਏ, ਉਦੋਂ ਤੱਕ ਸੋਟੀ ਦੇ ਸਹਾਰੇ ਚੱਲਦੇ ਹੋਏ ਮੇਰੀਆਂ ਤਸਵੀਰਾਂ ਤੁਹਾਨੂੰ ਮਿਲਣ।’’