ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਜੂਨ
ਸ਼੍ਰੋਮਣੀ ਅਕਾਲੀ ਦਲ ਦੀ ਸੰਗਰੂਰ ਤੋਂ ਉਮੀਦਵਾਰ ਕਮਲਦੀਪ ਕੌਰ ਨੇ ਪੁਲੀਸ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਅਕਾਲੀ ਦਲ ਦੇ ਬੁਲਾਰੇ ਵੱਲੋਂ ਅੱਜ ਇੱਥੇ ਦੱਸਿਆ ਗਿਆ ਕਿ ਕਮਲਦੀਪ ਕੌਰ ਵੱਲੋਂ ਇਸ ਸਬੰਧੀ ਸੰਗਰੂਰ ਦੇ ਡੀਸੀ ਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਲਿਖਤੀ ਤੌਰ ’ਤੇ ਜਾਣੂ ਕਰਾ ਦਿੱਤਾ ਗਿਆ ਹੈ। ਕਮਲਦੀਪ ਕੌਰ ਨੇ ਸਿਵਲ ਤੇ ਪੁਲੀਸ ਅਧਿਕਾਰੀਆਂ ਨੂੰ ਲਿਖੇ ਪੱਤਰ ਰਾਹੀਂ ਕਿਹਾ ਕਿ ਉਹ ਕੌਮੀ ਮਿਸ਼ਨ ਬੰਦੀ ਵੀਰਾਂ ਦੀ ਰਿਹਾਈ ਨੂੰ ਲੈ ਕੇ ਸੰਗਰੂਰ ਜ਼ਿਮਨੀ ਚੋਣ ਲੜਨ ਲਈ ਪੰਥਕ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰੀ ਹੈ। ਉਨ੍ਹਾਂ ਕਿਹਾ ਕਿ ਅੱਜ ਨਾਮਜ਼ਦਗੀ ਪੇਪਰ ਦਾਖ਼ਲ ਕਰਾਉਣ ਤੋਂ ਬਾਅਦ, ਸਰਕਾਰ ਵੱਲੋਂ ਉਸ ਨੂੰ ਪੁਲੀਸ ਸੁਰੱਖਿਆ ਮੁਹੱਈਆ ਕਰਵਾਈ ਗਈ। ਉਨ੍ਹਾਂ ਕਿਹਾ ਕਿ ਉਸ ਦਾ ਪਰਿਵਾਰ ਪੰਥ, ਸ਼ਹੀਦਾਂ ਤੇ ਬੰਦੀ ਸਿੰਘਾਂ ਦਾ ਪਰਿਵਾਰ ਹੈ। ਉਸ ਨੂੰ ਖਾਲਸਾ ਪੰਥ ਅਤੇ ਸਮੂਹ ਪੰਜਾਬੀਆਂ ’ਤੇ ਮਾਣ ਹੈ ਕਿ ਇੱਕ ਧੀ ਅਤੇ ਭੈਣ ਹੋਣ ਦੇ ਨਾਤੇ ਉਸ ਦੀ ਸੁਰੱਖਿਆ ਖਾਲਸਾ ਪੰਥ ਕਰੇਗਾ। ਇਸ ਕਰਕੇ ਪੰਜਾਬ ਸਰਕਾਰ ਦੀ ਸਰਕਾਰੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ। ਅਕਾਲੀ ਦਲ ਦੀ ਉਮੀਦਵਾਰ ਦੇ ਇਸ ਫੈਸਲੇ ਨਾਲ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ।