ਗੁਰਬਖਸ਼ਪੁਰੀ
ਤਰਨ ਤਾਰਨ, 27 ਜੂਨ
ਜ਼ਿਲ੍ਹਾ ਪੁਲੀਸ ਨੇ ਪਿੰਡ ਕੈਰੋਂ ਵਿੱਚ ਚਾਰ ਦਿਨ ਪਹਿਲਾਂ ਅੱਧੀ ਰਾਤ ਵੇਲੇ ਇਕ ਪਰਿਵਾਰ ਦੇ ਚਾਰ ਜੀਆਂ ਸਮੇਤ ਪੰਜ ਜਣਿਆਂ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਪਰਿਵਾਰ ਦੇ ਹੀ ਦੋ ਲੜਕਿਆਂ ਸਮੇਤ ਪੰਜ ਦੇ ਕਰੀਬ ਹੋਰਾਂ ਨੂੰ ਇਨ੍ਹਾਂ ਹੱਤਿਆਵਾਂ ਲਈ ਕਸੂਰਵਾਰ ਪਾਇਆ ਹੈ| ਪੁਲੀਸ ਨੇ ਪਰਿਵਾਰ ਦੇ ਮ੍ਰਿਤਕ ਮੁੱਖੀ ਬ੍ਰਿਜ ਲਾਲ ਦੇ ਲੜਕੇ ਗੁਰਜੰਟ ਸਿੰਘ ਸਮੇਤ ਕੁਝ ਹੋਰਨਾਂ ਨੂੰ ਕਾਬੂ ਕਰ ਲਿਆ ਹੈ ਜਦਕਿ ਬਾਕੀ ਦੇ ਫ਼ਰਾਰ ਹਨ| ਇਸ ਵਾਰਦਾਤ ਵਿੱਚ ਪਰਿਵਾਰ ਦਾ ਮੁੱਖੀ ਬ੍ਰਿਜ ਲਾਲ, ਉਸ ਦੀਆਂ ਦੋ ਨੂੰਹਾਂ ਜਸਪ੍ਰੀਤ ਕੌਰ ਤੇ ਅਮਨਦੀਪ ਕੌਰ, ਲੜਕਾ ਦਲਜੀਤ ਸਿੰਘ ਬੰਟੀ ਅਤੇ ਪਰਿਵਾਰ ਦਾ ਡਰਾਈਵਰ ਗੁਰਸਾਹਿਬ ਸਿੰਘ ਸਾਬਾ ਮਾਰੇ ਗਏ ਸਨ| ਹੱਤਿਆਰਿਆਂ ਨੇ ਜਸਪ੍ਰੀਤ ਤੇ ਅਮਨਦੀਪ ਕੌਰ ਦੇ ਚਾਰ ਛੋਟੇ ਬੱਚਿਆਂ ਨੂੰ ਕਤਲ ਨਹੀਂ ਸੀ ਕੀਤਾ। ਇਨ੍ਹਾਂ ਬੱਚਿਆ ਨੇ ਵਾਰਦਾਤ ਦੇ ਪਹਿਲੇ ਦਿਨ ਗੁਰਜੰਟ ਸਿੰਘ ਨੂੰ ਵਾਰਦਾਤ ਦਾ ਜ਼ਿੰਮੇਵਾਰ ਦੱਸਿਆ ਸੀ| ਗੁਰਜੰਟ ਸਿੰਘ ਨੇ ਇਸ ਵਾਰਦਾਤ ਲਈ ਆਪਣੇ ਭਰਾ ਦਲਜੀਤ ਸਿੰਘ ਨੂੰ ਪਹਿਲਾਂ ਆਪਣੇ ਭਰੋਸੇ ਵਿਚ ਲੈ ਲਿਆ ਸੀ ਅਤੇ ਚਾਰ ਜਣਿਆਂ ਦੀ ਹੱਤਿਆ ਕਰਨ ਉਪਰੰਤ ਉਸ ਦੀ ਵੀ ਹਤਿਆ ਕਰ ਦਿੱਤੀ| ਇਸ ਪਰਿਵਾਰ ਦਾ ਮੁੱਖੀ ਬ੍ਰਿਜ ਲਾਲ ਜਿਥੇ ਨਸ਼ਿਆਂ ਦਾ ਕਾਰੋਬਾਰ ਕਰਦਾ ਸੀ। ਉਸ ਦੇ ਲੜਕੇ ਨਸ਼ਿਆਂ ਦੇ ਆਦੀ ਬਣ ਗਏ ਸਨ| ਇਸ ਵਾਰਦਾਤ ਵਿੱਚ ਗੁਰਜੰਟ ਸਿੰਘ ਨੇ ਪਿੰਡ ਅੰਦਰਲੇ ਆਪਣੇ ਪੰਜ ਸਾਥੀਆਂ ਨੁੰ ਵੀ ਨਾਲ ਲਿਆ ਸੀ। ਗੁਰਜੰਟ ਸਿੰਘ ਨੇ ਵਾਰਦਾਤ ਕਰਨ ਤੋਂ ਪਹਿਲਾਂ ਭਾਰੀ ਮਾਤਰਾ ਵਿੱਚ ਨਸ਼ਾ ਕੀਤਾ।