ਬੇਅੰਤ ਸਿੰਘ ਸੰਧੂ
ਪੱਟੀ, 26 ਜੂਨ
ਨੇੜਲੇ ਪਿੰਡ ਕੈਰੋਂ ’ਚ ਬੀਤੇ ਦਿਨ ਬ੍ਰਿਜ ਲਾਲ ਉਰਫ ਧੱਤੂ ਸਮੇਤ ਪੰਜ ਲੋਕਾਂ ਦੀ ਹੱਤਿਆ ਦੇ ਮਾਮਲੇ ਵਿੱਚ ਗੁਆਂਢੀ ਨਿਸ਼ਾਨ ਸਿੰਘ ਦੇ ਬਿਆਨਾਂ ’ਤੇ ਮ੍ਰਿਤਕ ਬ੍ਰਿਜ ਲਾਲ ਦੇ ਲੜਕੇ ਗੁਰਜੰਟ ਸਿੰਘ ਜੰਟਾ ਸਮੇਤ ਕੁਝ ਅਣਪਛਾਤੇ ਲੋਕਾਂ ਖ਼ਿਲਾਫ਼ ਥਾਣਾ ਸਿਟੀ ਪੱਟੀ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।
ਮ੍ਰਿਤਕ ਦੀ ਭੈਣ ਕਮਲੇਸ਼ ਰਾਣੀ ਵਾਸੀ ਸੰਘਰਕੋਟ ਨੇ ਅੱਜ ਦੇਰ ਸ਼ਾਮ ਕੈਰੋਂ ਚੌਕੀ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੇ ਦਿਨ ਤੋਂ ਗੁਰਜੰਟ ਸਿੰਘ ਪੁਲੀਸ ਹਿਰਾਸਤ ਵਿੱਚ ਹੈ ਅਤੇ ਅੱਜ ਦੁਪਹਿਰ ਬਾਅਦ ਸਥਾਨਕ ਪੁਲੀਸ ਅਫਸਰਾਂ ਵੱਲੋਂ ਨਸ਼ਾ ਛਡਾਊ ਕੇਂਦਰ ਵਿੱਚ ਇਲਾਜ ਕਰਵਾ ਰਹੇ ਮ੍ਰਿਤਕ ਬ੍ਰਿਜ ਲਾਲ ਦੇ ਦੋ ਲੜਕਿਆਂ ਬਖਸ਼ੀਸ਼ ਸਿੰਘ ਉਰਫ ਸੋਨੂੰ ਤੇ ਪਰਮਜੀਤ ਸਿੰਘ ਪੰਮਾ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਕਮਲੇਸ਼ ਰਾਣੀ ਨੇ ਦੱਸਿਆ ਕਿ ਉਹ ਇਸ ਹਾਦਸੇ ਤੋਂ ਛੇ ਦਿਨ ਪਹਿਲਾਂ ਪਿੰਡ ਕੈਰੋਂ ਆਈ ਸੀ ਅਤੇ ਉਸ ਵੇਲੇ ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਝਗੜਾ ਨਹੀਂ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਕਤਲਾਂ ਵਿੱਚ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦਾ ਕੋਈ ਹੱਥ ਨਹੀਂ ਹੋ ਸਕਦਾ। ਕਮਲੇਸ਼ ਰਾਣੀ ਮੁਤਾਬਕ ਇਨ੍ਹਾਂ ਕਤਲਾਂ ਤੋਂ ਇਲਾਵਾ ਘਰ ’ਚੋਂ ਲੱਖਾਂ ਰੁਪਏ ਦੀ ਨਕਦੀ ਅਤੇ ਸੋਨਾ ਆਦਿ ਵੀ ਚੋਰੀ ਕੀਤੇ ਗਏ ਹਨ।
ਮ੍ਰਿਤਕ ਦੀ ਭੈਣ ਕਮਲੇਸ਼ ਰਾਣੀ ਨੇ ਪੁਲੀਸ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਪੰਜ ਕਤਲਾਂ ਦੀ ਡੂੰਘਾਈ ਨਾਲ ਜਾਂਚ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਦੂਸਰੇ ਪਾਸੇ ਜ਼ਿਲ੍ਹਾ ਪੁਲੀਸ ਇਸ ਮਾਮਲੇ ਵਿੱਚ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ।
ਸੀਆਈਡੀ ਅਫ਼ਸਰ ਦੀ ਹੱਤਿਆ ਦੇ ਦੋਸ਼ ’ਚ ਤਿੰਨ ਗ੍ਰਿਫ਼ਤਾਰ
ਬੱਲੂਆਣਾ (ਅਬੋਹਰ): ਪੰਜਾਬ ਪੁਲੀਸ ਦੇ ਖੁਫੀਆ ਵਿਭਾਗ ਵਿੱਚ ਤਾਇਨਾਤ ਸਬ-ਇੰਸਪੈਕਟਰ ਦੀ ਹੱਤਿਆ ਦੇ ਦੋਸ਼ ਵਿੱਚ ਬੀਤੇ ਦਿਨ ਪੁਲੀਸ ਵੱਲੋਂ ਚਾਰ ਅਣਪਛਾਤਿਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਤਿੰਨ ਨੂੰ ਅੱਜ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਵਿਜੇ ਲਕਸ਼ਮੀ, ਉਸ ਦੇ ਬੇਟੇ ਨਮਨਦੀਪ ਗੋਦਾਰਾ ਅਤੇ ਬਿਕਰਮਜੀਤ ਪੁੱਤਰ ਰਾਧਾ ਕ੍ਰਿਸ਼ਨ ਵਜੋਂ ਹੋਈ ਹੈ। ਥਾਣਾ ਸਿਟੀ ਅਬੋਹਰ ਦੇ ਐੱਸਐੱਚਓ ਅੰਗਰੇਜ਼ ਕੁਮਾਰ ਨੇ ਤਿੰਨ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਉਪਰੋਕਤ ਤਿੰਨਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ। -ਪੱਤਰ ਪ੍ਰੇਰਕ