ਪੱਤਰ ਪ੍ਰੇਰਕ
ਮਾਨਸਾ/ਬੋਹਾ, 27 ਸਤੰਬਰ
ਪਿੰਡ ਸ਼ੇਰਖਾਂ ਵਾਲਾ ਵਿੱਚ ਬੀਤੀ ਰਾਤ ਸੁੱਤੇ ਪਏ ਕਬੱਡੀ ਖਿਡਾਰੀ ਜਗਜੀਤ ਸਿੰਘ ਉਰਫ਼ ਜੱਗੋ ਦਾ ਗਲਾ ਵੱਢ ਕੇ ਕਤਲ ਕਰਨ ਦੇ ਦੋਸ਼ ਹੇਠ ਮਾਨਸਾ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਪੀ ਡਾ. ਬਾਲ ਕ੍ਰਿਸ਼ਨ ਸਿੰਗਲਾ ਤੇ ਡੀਐੱਸਪੀ ਅਮਰਜੀਤ ਸਿੰਘ ਨੇ ਦੱਸਿਆ ਗਿਆ ਕਿ ਪੁਲੀਸ ਵੱਲੋਂ ਕੀਤੀ ਗਈ ਜਾਂਚ ਮਗਰੋਂ ਪਰਿਵਾਰ ਦੇ ਨਜ਼ਦੀਕੀ ਨਿਰਮਲ ਸਿੰਘ ਵਾਸੀ ਕੁਲਾਣਾ ਦੇ ਬਿਆਨ ’ਤੇ ਦਵਿੰਦਰ ਸਿੰਘ (19) ਵਾਸੀ ਸ਼ੇਰਖਾਂ ਵਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੜਤਾਲ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਕਿ ਉਸ ਨੂੰ ਸ਼ੱਕ ਸੀ ਕਿ ਉਸ ਦੀ ਭੈਣ ਨਾਲ ਜਗਜੀਤ ਸਿੰਘ ਦੇ ਪ੍ਰੇਮ ਸਬੰਧ ਹਨ, ਜਿਸ ਕਰਕੇ ਉਸ ਨੇ ਜਗਜੀਤ ਦਾ ਕਤਲ ਕੀਤਾ ਹੈ। ਪੁਲੀਸ ਨੇ ਮੁਲਜ਼ਮ ਵੱਲੋਂ ਵਰਤਿਆ ਗਿਆ ਕਾਪਾ ਤੇ ਵਾਰਦਾਤ ਮੌਕੇ ਪਾਏ ਹੋਏ ਜੁੱਤੇ ਜ਼ਬਤ ਕੀਤੇ ਹਨ। ਦਵਿੰਦਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।