ਪਾਲ ਸਿੰਘ ਨੌਲੀ
ਜਲੰਧਰ, 15 ਮਾਰਚ
ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ ਖੇਡ ਜਗਤ ਵਿੱਚ ਜਿੱਥੇ ਸੋਗ ਦੀ ਲਹਿਰ ਹੈ, ਉੱਥੇ ਕਬੱਡੀ ਫੈਡਰੇਸ਼ਨਾਂ ਨੇ ਇਕ ਹਫ਼ਤੇ ਤੱਕ ਸਾਰੇ ਮੈਚ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਇੰਗਲੈਂਡ ਕਬੱਡੀ ਫੈਡਰੇਸ਼ਨ ਨੇ ਹੋਲੇ-ਮਹੱਲੇ ’ਤੇ 18 ਤੇ 19 ਮਾਰਚ ਨੂੰ ਕਰਵਾਇਆ ਜਾਣ ਵਾਲਾ ਦੋ-ਰੋਜ਼ਾ ਕਬੱਡੀ ਟੂਰਨਾਮੈਂਟ ਵੀ ਰੱਦ ਕਰ ਦਿੱਤਾ ਹੈ।
ਮੀਡੀਆ ਨਾਲ ਗੱਲ ਕਰਦਿਆਂ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਮਾਣਕ, ਮੈਨੇਜਰ ਰਸ਼ਪਾਲ ਸਿੰਘ ਸ਼ੇਰਾ, ਨਾਰਥ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਤੇ ਹੋਰ ਸਾਬਕਾ ਕਬੱਡੀ ਖਿਡਾਰੀਆਂ ਨੇ ਇਕਜੁੱਟ ਹੁੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਦੇ ਖਿਡਾਰੀਆਂ ਦਾ ਗੈਂਗਸਟਰਾਂ ਨਾਲ ਕੋਈ ਸਬੰਧ ਨਹੀਂ ਹਨ। ਦੋਹਾਂ ਆਗੂਆਂ ਨੇ ਕਿਹਾ ਕਿ ਮੱਲ੍ਹੀਆਂ ਖੁਰਦ ਵਿੱਚ ਟੂਰਨਾਮੈਂਟ ਦੇਖਣ ਆਏ ਕੌਮਾਂਤਰੀ ਪੱਧਰ ਦੇ ਖਿਡਾਰੀ ਦੇ ਕਤਲ ਨਾਲ ਕਬੱਡੀ ਪ੍ਰੇਮੀਆਂ ਨੂੰ ਵੱਡੀ ਸੱਟ ਵੱਜੀ ਹੈ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਕਰਵਾਈ ਜਾਵੇ। ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਮੈਨੇਜਰ ਰਸ਼ਪਾਲ ਸਿੰਘ ਸ਼ੇਰਾ ਨੇ ਦੱਸਿਆ ਕਿ ਸੰਦੀਪ ਨੰਗਲ ਅੰਬੀਆਂ ਇੰਗਲੈਂਡ ਦਾ ਨਾਗਰਿਕ ਸੀ। ਉਨ੍ਹਾਂ ਦੀ ਫੈਡਰੇਸ਼ਨ ਇਸ ਮਾਮਲੇ ਨੂੰ ਬ੍ਰਿਟਿਸ਼ ਹਾਈ ਕਮਿਸ਼ਨਰ ਕੋਲ ਵੀ ਉਠਾਏਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਰਤ ਵਿੱਚ ਕਬੱਡੀ ਨੂੰ ਫੇਲ੍ਹ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਇਹ ਮੰਗ ਵੀ ਕੀਤੀ ਹੈ ਕਿ ਜਦੋਂ ਪਿੰਡਾਂ ਵਿੱਚ ਖੇਡ ਮੇਲੇ ਕਰਵਾਏ ਜਾਣ ਤਾਂ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਮਾਣਕ ਨੇ ਕਿਹਾ ਕਿ ਜਥੇਬੰਦੀ ਪਿਛਲੇ 18 ਸਾਲਾਂ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ’ਤੇ ਕਬੱਡੀ ਟੂਰਨਾਮੈਂਟ ਕਰਵਾਉਂਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸੰਦੀਪ ਨੰਗਲ ਅੰਬੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਵਜੋਂ ਹੀ ਹੋਲੇ-ਮਹੱਲੇ ’ਤੇ ਹੋਣ ਵਾਲੇ ਕਬੱਡੀ ਮੁਕਾਬਲੇ ਰੱਦ ਕੀਤੇ ਗਏ ਹਨ।
ਸੰਦੀਪ ਦੇ ਭਰਾ ਵੱਲੋਂ ਲੋਕਾਂ ਨੂੰ ਇਕੱਠੇ ਹੋਣ ਦਾ ਸੱਦਾ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਬੀਤੇ ਦਿਨ ਕਤਲ ਕੀਤੇ ਗਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਵੱਡੇ ਭਰਾ ਅੰਗਰੇਜ਼ ਸਿੰਘ ਨੇ ਅੱਜ ਦੇਰ ਸ਼ਾਮ ਇਕ ਵੀਡੀਓ ਵਾਇਰਲ ਕਰਕੇ ਇਲਾਕਾ ਵਾਸੀਆਂ ਨੂੰ 16 ਮਾਰਚ ਨੂੰ ਸਵੇਰੇ 9 ਵਜੇ ਸਿਵਲ ਹਸਪਤਾਲ ਨਕੋਦਰ ਪਹੁੰਚਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ 16 ਮਾਰਚ ਨੂੰ ਸੰਦੀਪ ਦੀ ਪਤਨੀ ਅਤੇ ਉਨ੍ਹਾਂ ਦੀ ਮਾਤਾ ਵੀ ਵਿਦੇਸ਼ ਤੋਂ ਆ ਰਹੇ ਹਨ। ਭਲਕ ਦੀ ਇਕੱਤਰਤਾ ਵਿਚ ਫੈਸਲਾ ਕੀਤਾ ਜਾਵੇਗਾ ਕਿ ਸੰਦੀਪ ਦਾ ਪੋਸਟ ਮਾਰਟਮ ਕਰਵਾਇਆ ਜਾਣਾ ਹੈ ਜਾਂ ਨਹੀਂ। ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸ਼੍ਰੋਮਣੀ ਅਕਾਲੀ ਦਲ (ਬ) ਦੇ ਬਚਿੱਤਰ ਸਿੰਘ ਕੋਹਾੜ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦੂਜੇ ਪਾਸੇ ਥਾਣਾ ਸਦਰ ਨਕੋਦਰ ਦੇ ਮੁਖੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਕੀਤੀ ਜਾਵੇਗੀ।