ਜੋਗਿੰਦਰ ਸਿੰਘ ਮਾਨ
ਮਾਨਸਾ, 9 ਫਰਵਰੀ
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨਵੀਂ ਦਿੱਲੀ ਨੇ ਸ਼ਿਕਾਇਤ ਨੰਬਰ 1007/19/15/2014 ’ਚ ਅਹਿਮ ਫ਼ੈਸਲਾ ਕਰਦੇ ਹੋਏ ਚੀਫ ਸੈਕਟਰੀ ਪੰਜਾਬ ਰਾਹੀਂ ਮਾਨਸਾ ਪੁਲੀਸ ਨੂੰ ਅੱਠ ਹਫਤਿਆਂ ’ਚ ਦੋ ਲੱਖ ਰੁਪਏ ਹਰਜਾਨਾ ਪੀੜਤ ਰਾਜ ਸਿੰਘ ਦੇ ਖਾਤੇ ਵਿੱਚ ਪਾ ਕੇ ਮੁੜ ਕਮਿਸ਼ਨ ਨੂੰ ਰਿਪੋਰਟ ਕਰਨ ਦੇ ਆਦੇਸ਼ ਦਿੱਤੇ ਹਨ। ਕੇਸ ਦੇ ਸ਼ਿਕਾਇਤਕਰਤਾ ਜਬਰ ਜ਼ੁਲਮ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਰਾਜ ਸਿੰਘ ਟੋਡਰਵਾਲ ਨੇ ਦਸਤਾਵੇਜ਼ ਵਿਖਾਉਂਦਿਆਂ ਦੱਸਿਆ ਕਿ ਸਾਲ 2014 ਵਿੱਚ ਪੰਜਾਬ ਪੁਲੀਸ ਦੇ ਮਾਨਸਾ ਸਥਿਤ ਕੁਝ ਅਧਿਕਾਰੀਆਂ ਨੇ ਉਸ ਨਾਲ ਵਧੀਕੀ ਕੀਤੀ ਤਾਂ ਉਸ ਨੇ ਇਨਸਾਫ਼ ਲੈਣ ਲਈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ, ਜਿਸ ਦਾ ਇਨਸਾਫ ਉਸ ਨੂੰ ਹੁਣ ਮਿਲਿਆ ਹੈ। ਉਸ ਨੇ ਦੱਸਿਆ ਕਿ ਕਮਿਸ਼ਨ ਦੇ ਫ਼ੈਸਲੇ ਮੁਤਾਬਕ ਉਸ ਦੇ ਖਾਤੇ ਵਿੱਚ ਦੋ ਲੱਖ ਰੁਪਏ ਪਾ ਦਿੱਤੇ ਗਏ ਹਨ। ਫਰੰਟ ਦੇ ਪ੍ਰਧਾਨ ਵੱਲੋਂ ਵਿਖਾਏ ਗਏ ਦਸਤਾਵੇਜ਼ਾਂ ਮੁਤਾਬਕ ਉਹ ਪੁਲੀਸ ਦੀ ਜ਼ਿਆਦਤੀ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਮਾਨਸਾ ਦੇ ਐੱਸਐੱਸਪੀ ਸਮੇਤ ਸੂੂਬੇ ਦੇ ਉੱਚ ਪੁਲੀਸ ਤੇ ਸਿਵਲ ਅਧਿਕਾਰੀਆਂ ਤਕ ਅਰਜ਼ੋਈ ਕਰ ਚੁੱਕਿਆ ਸੀ ਅਤੇ ਹੁਣ ਸੱਤ ਸਾਲ ਬਾਅਦ ਉਸ ਦੇ ਹੱਕ ਵਿੱਚ ਫ਼ੈਸਲਾ ਹੋਇਆ।