ਕੁਲਦੀਪ ਸਿੰਘ
ਚੰਡੀਗੜ੍ਹ, 29 ਨਵੰਬਰ
ਪੰਜਾਬ ਸਰਕਾਰ ਦੇ ਵੱਖ-ਵੱਖ ਦਫ਼ਤਰਾਂ ਵਿੱਚ ਤਾਇਨਾਤ ਮੁਲਾਜ਼ਮਾਂ ’ਤੇ ਆਧਾਰਤ ਅਨ-ਰਿਵਾਈਜ਼ਡ ਅਤੇ ਪਾਰਸ਼ਲੀ ਰਿਵਾਈਜ਼ਡ ਸਾਂਝਾ ਮੁਲਾਜ਼ਮ ਫਰੰਟ ਦੀ ਪੰਜਾਬ ਭਵਨ ਵਿੱਚ ਸਰਕਾਰ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ ਜਿਸ ਕਾਰਨ ਮੁਲਾਜ਼ਮ ਰੋਹ ਵਿੱਚ ਆ ਗਏ ਅਤੇ ਭਵਨ ਤੋਂ ਬਾਹਰ ਆਉਂਦਿਆਂ ਹੀ ‘ਪੰਜਾਬ ਸਰਕਾਰ ਮੁਰਦਾਬਾਦ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਮੁਲਾਜ਼ਮਾਂ ਨੇ ਨਾਅਰੇਬਾਜ਼ੀ ਕਰਦਿਆਂ ਤੁਰੰਤ ਮੁੱਖ ਮੰਤਰੀ ਨਿਵਾਸ ਵੱਲ ਪੈਦਲ ਚਾਲੇ ਪਾ ਦਿੱਤੇੇ। ਮੁਲਾਜ਼ਮਾਂ ਦਾ ਹਜ਼ੂਮ ਅੱਗੇ ਵਧਦਾ ਦੇਖ ਚੌਕਸੀ ਵਰਤਦਿਆਂ ਚੰਡੀਗੜ੍ਹ ਪੁਲੀਸ ਨੇ ਰਿਹਾਇਸ਼ ਤੋਂ ਪਹਿਲਾਂ ਬੈਰੀਕੇਡਿੰਗ ਕਰ ਕੇ ਉਨ੍ਹਾਂ ਨੂੰ ਰੋਕ ਲਿਆ। ਮੁਲਾਜ਼ਮਾਂ ਨੇ ਹਨ੍ਹੇਰੇ ਵਿੱਚ ਸੜਕ ਉੱਤੇ ਬੈਠ ਕੇ ਹੀ ਰੋਸ ਜ਼ਾਹਰ ਕੀਤਾ। ਇਸ ਮੌਕੇ ਮੁੱਖ ਮੰਤਰੀ ਦਫ਼ਤਰ ਤੋਂ ਆਏ ਅਧਿਕਾਰੀਆਂ ਨੇ ਉਨ੍ਹਾਂ ਦੀ ਦੋ-ਤਿੰਨ ਦਿਨਾਂ ਵਿੱਚ ਸਰਕਾਰ ਨਾਲ ਮੁੜ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਜਿਸ ਉਪਰੰਤ ਧਰਨਾ ਸਮਾਪਤ ਕੀਤਾ ਗਿਆ। ਸਾਂਝਾ ਮੁਲਾਜ਼ਮ ਫਰੰਟ ਦੇ ਕਨਵੀਨਰਾਂ ਦਲਜੀਤ ਸਿੰਘ ਭਾਂਖਰ, ਸੁਖਵਿੰਦਰ ਸਿੰਘ, ਰਣਜੀਤ ਸਿੰਘ ਹੰਸ, ਧਰਮਿੰਦਰ ਸਿੰਘ ਰਾਹੀ, ਨੈਬ ਸਿੰਘ, ਸੁਖਨੰਦਨ ਸਿੰਘ ਮਹਿਣੀਆਂ, ਅਮਨਵੀਰ ਸਿੰਘ ਗੋਰਾਇਆ ਅਤੇ ਮੁਕੇਸ਼ ਕੰਡਾ ਨੇ ਦੱਸਿਆ ਕਿ ਸਰਕਾਰ ਨੇ ਮੁਲਾਜ਼ਮਾਂ ਨਾਲ ਸਾਲ 2011 ਵਿੱਚ ਵੀ ਪੱਖਪਾਤ ਕਰਦਿਆਂ ਸਕੇਲਾਂ ਦੇ ਵਾਧੇ ਤੋਂ ਬਾਹਰ ਰੱਖਿਆ ਅਤੇ ਹੁਣ ਫਿਰ ਤੋਂ ਉਨ੍ਹਾਂ ਨੂੰ ਨਵੇਂ ਸਕੇਲਾਂ ਵਿੱਚ ਬਾਹਰ ਰੱਖਿਆ ਗਿਆ ਹੈ।
ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਦੋ-ਤਿੰਨ ਦਿਨਾਂ ਵਿੱਚ ਮੀਟਿੰਗ ਦਾ ਸਮਾਂ ਦੇ ਕੇ ਮੰਗਾਂ ਦਾ ਹੱਲ ਨਾ ਕੱਢਿਆ ਤਾਂ 11 ਦਸੰਬਰ ਨੂੰ ਮੁੱਖ ਮੰਤਰੀ ਦੀ ਖਰੜ ਸਥਿਤ ਰਿਹਾਇਸ਼ ਵੱਲ ਰੋਸ ਮਾਰਚ ਕੀਤਾ ਜਾਵੇਗਾ।