ਕੁਲਦੀਪ ਸਿੰਘ
ਚੰਡੀਗੜ੍ਹ, 31 ਦਸੰਬਰ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਇੱਕ ਵਾਰ ਫਿਰ ਤੋਂ ਵਾਅਦਾ ਕਰਕੇ ਅੱਜ 31 ਦਸੰਬਰ ਨੂੰ ਵੀ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਬਾਰੇ ਕੋਈ ਉੱਘ-ਸੁੱਘ ਨਹੀਂ ਦਿੱਤੀ ਗਈ। ਵਾਅਦਿਆਂ ਅਤੇ ਲਾਰਿਆਂ ਤੋਂ ਅੱਕੇ ਮੁਲਾਜ਼ਮਾਂ/ਪੈਨਸ਼ਨਰਾਂ ਦੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ. ਚੰਡੀਗੜ੍ਹ ਵੱਲੋਂ ਕਨਵੀਨਰ ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ ਕਨਵੀਨਰ ਜਗਦੇਵ ਕੌਲ, ਜਸਵਿੰਦਰ ਸਿੰਘ ਕਾਈਨੌਰ ਦੀ ਅਗਵਾਈ ਹੇਠ ਸੈਕਟਰ-17 ਵਿੱਚ ਰੋਸ ਰੈਲੀ ਕੀਤੀ। ਪਟਾਰੀਨੁਮਾ ਗੱਤੇ ਦੀ ਖਾਲੀ ਪੇਟੀ ਵਿੱਚੋਂ ਲੀਰਾਂ ਅਤੇ ਝੂਠੇ ਲਾਰਿਆਂ ਵਾਲੇ ਕਾਗਜ਼ ਕੱਢ-ਕੱਢ ਕੇ ਵਿੱਤ ਮੰਤਰੀ ਖ਼ਿਲਾਫ਼ ਭੜਾਸ ਕੱਢੀ। ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਵਿੱਚ ਰਣਬੀਰ ਸਿੰਘ ਢਿੱਲੋਂ, ਗੁਰਮੇਲ ਸਿੰਘ ਸਿੱਧੂ, ਅਲਕਾ ਚੋਪੜਾ, ਜਗਦੇਵ ਕੌਲ, ਕਰਤਾਰ ਸਿੰਘ ਪਾਲ ਆਦਿ ਨੇ ਕਿਹਾ ਕਿ ਇਸ ਤੋਂ ਪਹਿਲਾਂ ਬਾਦਲ ਸਰਕਾਰ 2017 ਤੱਕ ਅਤੇ ਹੁਣ ਕਾਂਗਰਸ ਪਾਰਟੀ ਦੀ ਕੈਪਟਨ ਸਰਕਾਰ ਵੀ ਲਾਰਿਆਂ ਨਾਲ ਵਕਤ ਲੰਘਾ ਗਈ। ਮੌਜੂਦਾ ਵਿੱਤ ਮੰਤਰੀ ਨੇ ਦਸੰਬਰ 2018 ਵਿੱਚ, ਫਿਰ 2019 ਵਿੱਚ ਅਤੇ 7 ਅਕਤੂਬਰ 2020 ਵਿੱਚ ਜਨਤਕ ਤੌਰ ’ਤੇ ਵਾਅਦਾ ਕਰਦਿਆਂ ਕਿਹਾ ਸੀ ਕਿ 31 ਦਸੰਬਰ 2020 ਨੂੰ ਹਰ ਹਾਲਤ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰ ਦਿੱਤੀ ਜਾਵੇਗੀ ਪ੍ਰੰਤੂ ਅੱਜ ਉਨ੍ਹਾਂ ਦੇ ਲਾਰਿਆਂ ਦੀ ਲੜੀ ਵਿੱਚ ਇੱਕ ਹੋਰ ਲਾਰਾ ਸ਼ਾਮਿਲ ਹੋ ਗਿਆ।
ਰੈਲੀ ਦੌਰਾਨ ਮੁਲਾਜ਼ਮ ਆਗੂਆਂ ਸੁਖਚੈਨ ਸਿੰਘ ਖਹਿਰਾ, ਟਰਾਂਸਪੋਰਟ ਵਿਭਾਗ ਤੋਂ ਜਗਜੀਵਨ ਸਿੰਘ, ਮਨਦੀਪ ਸਿੰਘ ਸਿੱਧੂ, ਸੁਪਰਡੰਟ ਸੁਰਿੰਦਰ ਸਿੰਘ, ਦੀਦਾਰ ਸਿੰਘ, ਕੁਲਦੀਪ ਸਿੰਘ ਕੰਗ ਆਦਿ ਨੇ ਐਲਾਨ ਕੀਤਾ ਕਿ ਨਵੇਂ ਸਾਲ ਤੋਂ ਪੂਰੇ ਪੰਜਾਬ ਵਿੱਚ ਲਾਮਬੰਦੀ ਕਰਕੇ ਕਿਸਾਨਾਂ ਦੀ ਤਰਜ਼ ’ਤੇ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਾਇਆ ਜਾਵੇਗਾ।