ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਅਗਸਤ
ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ’ਤੇ ਬਣੀ ਅਟਾਰੀ-ਵਾਹਗਾ ਜੁਆਇੰਟ ਚੈੱਕ ਪੋਸਟ ’ਤੇ ਇਸ ਵੇਲੇ ਵੱਡੀਆਂ ਇਮਾਰਤਾਂ, ਦਰਸ਼ਕ ਗੈਲਰੀ, ਵੱਡੇ ਗੇਟ ਅਤੇ ਦੇਸ਼ ਦਾ ਕੌਮੀ ਚਿੰਨ੍ਹ ਸਥਾਪਤ ਹੈ। 75 ਸਾਲ ਪਹਿਲਾਂ ਦੇਸ਼ ਦੀ ਆਜ਼ਾਦੀ ਅਤੇ ਵੰਡ ਸਮੇਂ ਦੋ ਡਰੰਮ ਰੱਖ ਕੇ ਇਸ ਸਰਹੱਦ ਨੂੰ ਚਿੰਨ੍ਹਤ ਕੀਤਾ ਗਿਆ ਸੀ।
ਆਜ਼ਾਦੀ ਤੋਂ ਤੁਰੰਤ ਬਾਅਦ ਅੰਮ੍ਰਿਤਸਰ-ਲਾਹੌਰ ਜੀਟੀ ਰੋਡ ’ਤੇ ਬਣੀ ਇਸ ਸਾਂਝੀ ਚੈੱਕ ਪੋਸਟ ’ਤੇ ਸਰਹੱਦ ਸਬੰਧੀ ਕੋਈ ਚਿੰਨ੍ਹ ਨਹੀਂ ਸੀ। ਬਾਅਦ ਵਿੱਚ ਬਰਤਾਨਵੀ ਅਧਿਕਾਰੀ ਸਰ ਸਿਰਿਲ ਰੈਡਕਲਿਫ ਨੇ ਦੋਵਾਂ ਦੇਸ਼ਾਂ ਨੂੰ ਵੰਡਦੀ ਸਰਹੱਦ ਨੂੰ ਚਿੰਨ੍ਹਤ ਕੀਤਾ ਸੀ। ਇੱਥੇ ਸਥਾਨਕ ਟਾਊਨ ਹਾਲ ਵਿੱਚ ਬਣੇ ਦੇਸ਼ ਵੰਡ ਸਬੰਧੀ ਪਾਰਟੀਸ਼ਨ ਮਿਊਜ਼ੀਅਮ ਵਿਚ ਇਸ ਸਬੰਧੀ ਦਸਤਾਵੇਜ਼ ਮੌਜੂਦ ਹਨ। ਦੇਸ਼ ਵੰਡ ਤੋਂ ਲਗਪਗ ਦੋ ਮਹੀਨੇ ਬਾਅਦ ਬ੍ਰਿਗੇਡੀਅਰ ਮਹਿੰਦਰ ਸਿੰਘ ਚੋਪੜਾ ਨੇ ਇੱਥੇ ਸਰਹੱਦ ਨੂੰ ਦਰਸਾਉਂਦੇ ਥੰਮ੍ਹ ਅਤੇ ਲਾਈਨ ਬਣਾਈ ਸੀ। 75 ਸਾਲ ਪਹਿਲਾਂ ਇੱਥੇ ਲੱਗੀ ਲਾਲ ਰੰਗ ਦੀ ਇੱਕ ਪਲੇਟ ਇਸ ਕਹਾਣੀ ਨੂੰ ਦਰਸਾਉਂਦੀ ਹੈ। ਪਾਰਟੀਸ਼ਨ ਮਿਊਜ਼ੀਅਮ ਦੀ ਮੈਨੇਜਰ ਰਾਜਵਿੰਦਰ ਕੌਰ ਨੇ ਦੱਸਿਆ ਕਿ 8 ਅਕਤੂਬਰ 1947 ਨੂੰ ਇੱਥੇ ਫ਼ੌਜ ਦੀ 123ਵੀਂ ਇਨਫੈਂਟਰੀ ਬ੍ਰਿਗੇਡ ਦੇ ਕਮਾਂਡਰ ਵਜੋਂ ਨਿਯੁਕਤ ਕੀਤੇ ਬ੍ਰਿਗੇਡੀਅਰ ਮਹਿੰਦਰ ਸਿੰਘ ਚੋਪੜਾ ਨੇ ਇੱਥੇ ਸਰਹੱਦ ਨੂੰ ਦਰਸਾਉਣ ਵਾਸਤੇ ਦੋ ਰੰਗ ਕੀਤੇ ਡਰੰਮ ਰੱਖ ਕੇ ਆਰਜ਼ੀ ਗੇਟ ਬਣਾ ਦਿੱਤਾ ਸੀ। ਉਨ੍ਹਾਂ ਨੂੰ ਵੰਡ ਤੋਂ ਪ੍ਰਭਾਵਿਤ ਆਉਣ-ਜਾਣ ਵਾਲਿਆਂ ਨੂੰ ਸੁਖਾਲਾ ਰਾਹ ਦੇਣ ਦਾ ਕੰਮ ਵੀ ਸੌਂਪਿਆ ਗਿਆ ਸੀ। ਨੇੜੇ ਹੀ ਸੰਤਰੀ ਦੇ ਖੜ੍ਹੇ ਹੋਣ ਲਈ ਥਾਂ ਅਤੇ ਫ਼ੌਜੀਆਂ ਵਾਸਤੇ ਤੰਬੂ ਲਾਏ ਗਏ ਸਨ। ਬਾਅਦ ਵਿੱਚ ਦੋਵੇਂ ਪਾਸੇ ਦੋਵਾਂ ਮੁਲਕਾਂ ਦੇ ਕੌਮੀ ਝੰਡੇ ਸਥਾਪਤ ਕਰ ਦਿੱਤੇ ਗਏ। ਇਸ ਚੈੱਕ ਪੋਸਟ ਨੂੰ ਜੁਆਇੰਟ ਚੈੱਕ ਪੋਸਟ ਦਾ ਨਾਂ ਦਿੱਤਾ ਗਿਆ। 75 ਸਾਲ ਬੀਤਣ ਮਗਰੋਂ ਇਸੇ ਥਾਂ ’ਤੇ ਅੱਜ ਵੱਡੀ ਆਈਸੀਪੀ ਸਥਾਪਤ ਹੈ। ਇਸ ਰਾਹੀਂ ਲੋਕਾਂ ਤੇ ਕਰੋੜਾਂ ਦੇ ਮਾਲ ਦੀ ਆਵਾਜਾਈ ਹੁੰਦੀ ਹੈ। ਇੱਥੇ ਸਥਾਪਤ ਜੇਸੀਪੀ ਵਿਚ ਅੱਜ ਵੀ ਪਹਿਲਾਂ ਵਾਂਗ ਦੋਵਾਂ ਮੁਲਕਾਂ ਦੇ ਜਵਾਨਾਂ ਵੱਲੋਂ ਸ਼ਾਮ ਵੇਲੇ ਝੰਡਾ ਉਤਾਰਨ ਦੀ ਰਸਮ ਕੀਤੀ ਜਾਂਦੀ ਹੈ। ਇਸ ਨੂੰ ਦੇਖਣ ਲਈ ਦੋਵੇਂ ਪਾਸੇ ਵੱਡੀਆਂ ਦਰਸ਼ਕ ਗੈਲਰੀਆਂ ਬਣੀਆਂ ਹਨ।