ਪਾਲ ਸਿੰਘ ਨੌਲੀ
ਜਲੰਧਰ, 23 ਦਸੰਬਰ
ਬਰਤਾਨੀਆ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਉੱਥੋਂ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਭਾਰਤ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਕਿਸਾਨ ਅੰਦੋਲਨ ਦਾ ਮੁੱਦਾ ਚੁੱਕਣ। ਜਲੰਧਰ ਦੇ ਪਿੰਡ ਰਾਏਪੁਰ ਨਾਲ ਸਬੰਧਤ ਇੰਗਲੈਂਡ ਦੇ ਪਹਿਲੇ ਪੱਗੜੀਧਾਰੀ ਸੰਸਦ ਮੈਂਬਰ ਢੇਸੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜੌਹਨਸਨ ਦੀ ਭਾਰਤ ਫੇਰੀ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਜੌਹਨਸਨ ਨੂੰ ਪੱਤਰ ਵੀ ਲਿਖਿਆ ਹੈ ਤਾਂ ਕਿ ਬਰਤਾਨੀਆ ਦੇ ਲੋਕਾਂ ਦੇ ਅਹਿਸਾਸ ਤੇ ਫਿਕਰਮੰਦੀ ਨੂੰ ਮੁੱਖ ਰੱਖਦਿਆਂ ਕਿਸਾਨਾਂ ਦੇ ਮਸਲੇ ਉਹ ਨਰਿੰਦਰ ਮੋਦੀ ਕੋਲ ਰੱਖਣ। ਜ਼ਿਕਰਯੋਗ ਹੈ ਕਿ ਇਸ ਵਾਰ 26 ਜਨਵਰੀ ਦੀ ਪਰੇਡ ਵਿਚ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਰਹੇ ਹਨ। ਇਸ ਤੋਂ ਪਹਿਲਾਂ ਅਕਤੂਬਰ ਤੇ ਨਵੰਬਰ ਵਿਚ ਤਨਮਨਜੀਤ ਸਿੰਘ ਢੇਸੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਉਠਾਉਣ ਲਈ ਬਰਤਾਨਵੀ ਸੰਸਦ ਦੇ ਆਪਣੇ ਦੂਜੇ ਸਾਥੀਆਂ ਨਾਲ ਵੀ ਰਾਬਤਾ ਕਰਦੇ ਰਹੇ ਹਨ। 36 ਸੰਸਦ ਮੈਂਬਰਾਂ ਨੇ ਪੱਤਰ ਲਿਖ ਕੇ ਬਰਤਾਨਵੀ ਵਿਦੇਸ਼ ਮੰਤਰੀ ਨੂੰ ਵੀ ਸੌਂਪਿਆ ਸੀ।
ਸ੍ਰੀ ਢੇਸੀ ਨੇ ਇਕ ਵੀਡੀਓ ਜਾਰੀ ਕਰ ਕੇ ਦੱਸਿਆ ਕਿ ਵਿਦੇਸ਼ ਮੰਤਰੀ ਨੇ ਉਨ੍ਹਾਂ ਦਾ ਇਹ ਪੱਤਰ ਆਪਣੇ ਭਾਰਤੀ ਹਮਰੁਤਬਾ ਤੱਕ ਪਹੁੰਚਾ ਦਿੱਤਾ ਹੈ। 9 ਦਸੰਬਰ ਨੂੰ ਢੇਸੀ ਨੇ ਯੂਕੇ ਦੀ ਸੰਸਦ ਵਿਚ ਵੀ ਕਿਸਾਨਾਂ ਦੇ ਅੰਦੋਲਨ ਦਾ ਮਾਮਲਾ ਉਠਾਇਆ ਸੀ। ਸਿੱਖ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਇਕ ਪੱਤਰ ਤਿਆਰ ਕੀਤਾ ਹੈ ਜੋ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਸੌਂਪਿਆ ਜਾਵੇਗਾ ਤੇ ਉਹ ਅੱਗੇ ਇਸ ਨੂੰ ਨਰਿੰਦਰ ਮੋਦੀ ਤੱਕ ਪਹੁੰਚਾਉਣਗੇ। ਢੇਸੀ ਨੇ ਕਿਹਾ ਕਿ ਹਰੇਕ ਨੂੰ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾਉਣ ਦਾ ਪੂਰਾ ਹੱਕ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਲੋਕ ਕਿਸਾਨਾਂ ਲਈ ਫਿਕਰਮੰਦ ਹਨ ਤੇ ਉਹ ਚਾਹੁੰਦੇ ਹਨ ਕਿ ਇਸ ਮਸਲੇ ਦਾ ਜਲਦੀ ਕੋਈ ਹੱਲ ਨਿਕਲੇ ਤੇ ਲੋਕ ਘਰਾਂ ਨੂੰ ਪਰਤਣ।