ਪੱਤਰ ਪ੍ਰੇਰਕ
ਅੰਮ੍ਰਿਤਸਰ, 20 ਨਵੰਬਰ
ਜੋਧਪੁਰ ਜੇਲ੍ਹ ਵਿੱਚ ਬੰਦੀ ਸਿੱਖਾਂ ਦੇ ਕੇਸਾਂ ਦੀ ਪੈਰਵੀ ਕਰਨ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਣ ਵਾਲੇ ਜੋਗਿੰਦਰ ਸਿੰਘ ਸਲੂਜਾ ਦਾ ਅੱਜ ਸਿੱਖ ਸੰਸਥਾ ਵੱਲੋਂ ਸਨਮਾਨ ਕੀਤਾ ਗਿਆ। ਜੂਨ 1984 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਤਕਾਲੀ ਭਾਰਤੀ ਹਕੂਮਤ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਸਿੱਖਾਂ ਨੂੰ ਜੋਧਪੁਰ ਜੇਲ੍ਹ ਲਿਜਾਇਆ ਗਿਆ ਸੀ।
ਸਨਮਾਨ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਢ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਤਬੀਰ ਸਿੰਘ ਧਾਮੀ ਅਤੇ ਜੋਧਪੁਰ ਜੇਲ੍ਹ ਵਿੱਚ ਬੰਦੀ ਰਹੇ ਜਸਬੀਰ ਸਿੰਘ ਘੁੰਮਣ ਨੇ ਜੋਗਿੰਦਰ ਸਿੰਘ ਸਲੂਜਾ ਵੱਲੋਂ ਨਿਭਾਈਆਂ ਗਈਆਂ ਨਿਰਸਵਾਰਥ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਸਲੂਜਾ ਨੇ ਜੋਧਪੁਰ ਜੇਲ੍ਹ ਵਿੱਚ ਨਜ਼ਰਬੰਦ ਸਿੱਖਾਂ ਦੀਆਂ ਮੁਲਾਕਾਤਾਂ, ਕੇਸਾਂ ਦੀ ਪੈਰਵੀ ਲਈ ਜਾਂਦੇ ਵਕੀਲਾਂ ਅਤੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਦਾ ਹਰ ਪੱਧਰ ’ਤੇ ਸਾਥ ਦਿੱਤਾ। ਜ਼ੋਖਮ ਝੱਲ ਕੇ ਸਲੂਜਾ ਨੇ ਜੋ ਸੇਵਾ ਕੀਤੀ, ਕੌਮ ਨੂੰ ਉਸ ’ਤੇ ਸਦਾ ਮਾਣ ਰਹੇਗਾ।
ਸ੍ਰੀ ਸਲੂਜਾ ਨੇ ਕਿਹਾ, ‘ਜਦੋਂ ਮੈਂ ਨਜ਼ਰਬੰਦ ਸਿੱਖਾਂ ਦੀ ਮਦਦ ਦਾ ਫ਼ੈਸਲਾ ਕੀਤਾ ਤਾਂ ਗੁਰਦੁਆਰਾ ਸਿੰਘ ਸਭਾ, ਜਿਸ ਦਾ ਮੈਂ ਜਨਰਲ ਸਕੱਤਰ ਸੀ, ਨੇ ਸਹਿਯੋਗ ਦੇਣ ਤੋਂ ਮਨ੍ਹਾਂ ਕਰ ਦਿੱਤਾ। ਪਰ ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਮੈਂ ਇਕੱਲਿਆਂ ਹੀ ਇਸ ਸੇਵਾ ਨੂੰ ਚੁਣਿਆ ਅਤੇ ਕਾਮਯਾਬੀ ਹਾਸਲ ਕੀਤੀ।’ ਸਨਮਾਨ ਲਈ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਜੋਗਿੰਦਰ ਸਿੰਘ ਸਲੂਜਾ ਦੇ ਪਰਿਵਾਰਕ ਮੈਂਬਰਾਂ ਦਾ ਵੀ ਸਨਮਾਨ ਕੀਤਾ ਗਿਆ।