ਚੰਡੀਗੜ੍ਹ: ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਨ ਗਡਕਰੀ ਨੂੰ ਚਿੱਠੀ ਲਿਖ ਕੇ ਜਲੰਧਰ-ਹੁਸ਼ਿਆਰਪੁਰ-ਧਰਮਸ਼ਾਲਾ ਕੌਮੀ ਮਾਰਗ ਦੀ ਮਾੜੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋ ਸੂਬਿਆਂ ਨੂੰ ਜੋੜਨ ਵਾਲਾ ਕੌਮੀ ਮਾਰਗ ਹੁਸ਼ਿਆਰਪੁਰ ਨੇੜੇ ਕਈ ਥਾਵਾਂ ਤੋਂ ਕਾਫ਼ੀ ਟੁੱਟਿਆ ਹੋਇਆ ਹੈ। ਮਾਰਗ ਦੀ ਮੁਰੰਮਤ ਸਬੰਧੀ ਲੋਕਾਂ ਨੇ ਕਈ ਵਾਰ ਧਰਨਾ ਦਿੱਤਾ, ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ’ਚ ਬਹੁਤ ਲੋਕ ਆਪਣੀ ਜਾਨ ਵੀ ਗੁਆ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਮਾਰਗ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਆਪਸ ਵਿੱਚ ਜੋੜਦਾ ਹੈ। ਇਸੇ ਮਾਰਗ ਰਾਹੀਂ ਸ਼ਰਧਾਲੂ ਮਾਤਾ ਚਿੰਤਪੂਰਨੀ, ਮਾਤਾ ਜਵਾਲਾ ਜੀ, ਮਾਤਾ ਕਾਂਗੜਾ ਦੇਵੀ, ਮਾਤਾ ਚਮੁੰਡਾ ਦੇਵੀ, ਮਾਤਾ ਬਗਲਾਮੁਖੀ ਅਤੇ ਬਾਬਾ ਬਾਲਕ ਨਾਥ ਵਰਗੇ ਅਹਿਮ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਹੁਸ਼ਿਆਰਪੁਰ ਨਜ਼ਦੀਕ ਸੜਕ ਦੀ ਖਸਤਾ ਹਾਲਤ ਠੀਕ ਕਰਵਾਉਣ ਲਈ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਨ ਗਡਕਰੀ ਕੌਮੀ ਹਾਈਵੇਜ਼ ਅਥਾਰਟੀ ਨੂੰ ਤੁਰੰਤ ਨਿਰਦੇਸ਼ ਜਾਰੀ ਕਰਨ। -ਟਨਸ