ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 20 ਜੁਲਾਈ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਪਾਟੋ-ਧਾੜ ਅਤੇ ਚੌਧਰਬਾਜ਼ੀ ਦਾ ਸ਼ਿਕਾਰ ਰਹੀ ਹੈ। ਕਮੇਟੀ ਦੇ ਬਾਨੀ ਤੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੱਲੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਕਾਰਜਕਾਰੀ ਪ੍ਰਧਾਨਗੀ ਨੂੰ ਝੂਠਾ ਅਤੇ ਗੁਮਰਾਹਕੁਨ ਦੱਸਣ ਵਾਲੇ ਬਿਆਨ ਨਾਲ ਨਵਾਂ ਵਿਵਾਦ ਭਖ ਗਿਆ ਹੈ। ਝੀਂਡਾ ਦੇ ਇਸ ਬਿਆਨ ਤੋਂ ਜਨਰਲ ਹਾਊਸ ਮੈਂਬਰਾਂ ’ਚ ਤਿੱਖਾ ਰੋਹ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਮੇਟੀ ਜਗਦੀਸ਼ ਸਿੰਘ ਝੀਂਡਾ ਅਤੇ ਦੀਦਾਰ ਸਿੰਘ ਨਲਵੀ ਦੀ ਚੌਧਰ ਦੀ ਲੜਾਈ ਵਿਚਕਾਰ ਪਿਸਦੀ ਰਹੀ ਹੈ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਮਾਮਲਿਆਂ ਦੇ ਮੁਖੀ ਅਤੇ ਹਰਿਆਣਾ ਕਮੇਟੀ ਦੇ ਮੈਂਬਰ ਚੰਨਦੀਪ ਸਿੰਘ ਖੁਰਾਣਾ, ਦੀਦਾਰ ਸਿੰਘ ਨਲਵੀ, ਅਮਰਿੰਦਰ ਸਿੰਘ ਅਰੋੜਾ, ਜਸਵੀਰ ਸਿੰਘ ਭਾਟੀ, ਮੋਹਨਜੀਤ ਸਿੰਘ, ਕਰਨੈਲ ਸਿੰਘ ਨਿਮਨਾਬਾਦ ਨੇ ਕਿਹਾ ਕਿ 13 ਜੁਲਾਈ ਨੂੰ ਹਰਿਆਣਾ ਕਮੇਟੀ ਦੇ ਮੁੱਖ ਦਫਤਰ ਗੁਰਦੁਆਰਾ ਪਾਤਸ਼ਾਹੀ ਪਹਿਲੀ ਅਤੇ 6ਵੀਂ ਚੀਕਾ ਕੈਂਥਲ ਵਿਚ ਹਰਿਆਣਾ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ ’ਚ ਸਾਬਕਾ ਪ੍ਰਧਾਨ ਝੀਂਡਾ ਅਤੇ ਸਮੁੱਚੀ ਕਾਰਜਕਰਨੀ ਦੇ ਅਸਤੀਫ਼ੇ ਨੂੰ ਪ੍ਰਵਾਨ ਕੀਤਾ ਗਿਆ ਸੀ ਜਿਸ ਮਗਰੋਂ ਸਰਬਸੰਮਤੀ ਨਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਇਸ ਦੇ ਉਲਟ ਪਿਛਲੇ 6 ਸਾਲਾਂ ਦੌਰਾਨ ਪ੍ਰਧਾਨ ਝੀਂਡਾ ਦੀ ਅਗਵਾਈ ਵਿੱਚ ਹਰਿਆਣਾ ਕਮੇਟੀ ਦੀ ਹੋਂਦ ਹੀ ਨਹੀਂ ਰਹੀ ਸੀ।