ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ
ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਘਰੋਂ ਲਗਪਗ 12 ਲੱਖ ਰੁਪਏ ਦੇ ਗਹਿਣੇ ਚੋਰੀ ਹੋ ਗਏ ਹਨ। ਇਸ ਸਬੰਧੀ ਵਿਧਾਇਕ ਕਾਕਾ ਬਰਾੜ ਨੇ ਦੱਸਿਆ ਕਿ ਤਿਉਹਾਰਾਂ ਕਰ ਕੇ ਉਸ ਦੇ ਘਰ ਰਿਸ਼ਤੇਦਾਰ ਆਏ ਹੋਏ ਸਨ ਤੇ ਉਨ੍ਹਾਂ ਦੇ ਗਹਿਣੇ ਘਰ ਵਿੱਚ ਹੀ ਪਏ ਸਨ। ਗਹਿਣਿਆਂ ਦਾ ਭਾਰ 25 ਤੋਲੇ ਦੇ ਕਰੀਬ ਸੀ। ਉਨ੍ਹਾਂ ਦੱਸਿਆ ਕਿ ਇਸ ਬਾਰੇ ਘਰੇਲੂ ਨੌਕਰਾਣੀ ਨੂੰ ਪਤਾ ਸੀ ਅਤੇ ਉਸ ਨੇ ਗਹਿਣੇ ਚੋਰੀ ਕਰ ਲਏ| ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਘੋਖ ਕਰਨ ’ਤੇ ਸਾਹਮਣੇ ਆਇਆ ਕਿ ਉਕਤ ਮਹਿਲਾ ਨੇ ਗਹਿਣੇ ਚੋਰੀ ਕੀਤੇ ਹਨ| ਵਿਧਾਇਕ ਦੇ ਨਿੱਜੀ ਸਹਾਇਕ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਵਿੱਚ ਕੇਸ ਦਰਜ ਕਰਨ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਲੜਕੀ ਨੂੰ ਕਾਬੂ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ| ਥਾਣਾ ਸਿਟੀ ਦੇ ਐੱਸਐੱਚਓ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਲੜਕੀ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।