ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਸਤੰਬਰ
ਇੱਥੋਂ ਦੇ ਮਨੀਮਾਜਰਾ ਵਿੱਚ ਸਥਿਤ ਘਰ ਵਿੱਚੋਂ ਲੱਖਾਂ ਰੁਪਏ ਦਾ ਗਹਿਣੇ ਅਤੇ ਨਕਦੀ ਚੋਰੀ ਹੋ ਗਈ, ਜਿਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਮਨੀਮਾਜਰਾ ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਸੁਧੀਰ ਚੰਦ ਵਾਸੀ ਮਨੀਮਾਜਰਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਕੋਈ ਰਾਤ ਸਮੇਂ ਉਸ ਦੇ ਘਰ ਵਿੱਚ ਦਾਖਲ ਹੋ ਕੇ ਸੋਨੇ ਦੀ ਵਾਲੀਆਂ, 3 ਮੁੰਦਰੀਆ, 2 ਜੋੜੇ ਚਾਂਦੀ ਦੀਆਂ ਪਜੇਬਾਂ, ਸੋਨੇ ਦੀ ਚੈਨ ਅਤੇ 7500 ਰੁਪਏ ਨਕਦੀ ਚੋਰੀ ਕਰਕੇ ਲੈ ਗਿਆ। ਥਾਣਾ ਮਨੀਮਾਜਰਾ ਦੀ ਪੁਲੀਸ ਨੇ ਉਕਤ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਦਸਮੇਸ਼ ਕਾਲੋਨੀ ਮੰਡੀ ਗੋਬਿੰਦਗੜ੍ਹ ਦੀ ਵਸਨੀਕ ਅਧਿਆਪਕਾ ਬੀਰਪਾਲ ਕੌਰ ਪਤਨੀ ਅਵਤਾਰ ਸਿੰਘ ਦੇ ਘਰ ਤੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ ਹੋ ਗਏ। ਇਸ ਸਬੰਧੀ ਅਧਿਆਪਕਾ ਦੇ ਪਤੀ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਇੱਕ ਸਕੂਲ ਵਿਚ ਪੜ੍ਹਾਉਂਦੀ ਹੈ ਅਤੇ ਜਦੋਂ ਉਹ ਆਪਣੀ ਡਿਊਟੀ ’ਤੇ ਗਈ ਹੋਈ ਸੀ ਤਾਂ ਘਰ ਦੇ ਪਿਛਲੇ ਪਾਸਿਓਂ ਅਣਪਛਾਤੇ ਵਿਅਕਤੀ ਨੇ ਜਿੰਦੇ ਤੋੜ ਕੇ ਘਰ ਵਿਚ ਪਈ ਅਲਮਾਰੀ ਦੇ ਲਾਕਰ ਤੋੜ ਕੇ ਉਸ ਵਿਚ ਰੱਖੇ ਕਰੀਬ 4 ਤੋਲੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ, ਜਿਨ੍ਹਾਂ ਦੀ ਕੀਮਤ ਢਾਈ ਲੱਖ ਦੇ ਕਰੀਬ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।