ਨਿੱਜੀ ਪੱਤਰ ਪ੍ਰੇਰਕ
ਖੰਨਾ, 23 ਜੂਨ
ਪਿੰਡ ਸਲੌਦੀ ਸਿੰਘਾਂ ਦਾ ਨੌਜਵਾਨ ਸਵਰਨਜੀਤ ਸਿੰਘ ਲੇਹ-ਲੱਦਾਖ ਵਿੱਚ ਸ਼ਹੀਦੀ ਹੋ ਗਿਆ, ਜਿਸ ਕਾਰਨ ਪਿੰਡ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਬੀਤੇ ਦਿਨ ਲੇਹ ਲਦਾਖ ਵਿੱਚ ਡਿਊਟੀ ਤੋਂ ਪਰਤ ਰਹੇ ਫੌਜੀ ਨੌਜਵਾਨਾਂ ਦੀ ਗੱਡੀ ਬਰਫ ਵਿੱਚ ਧੱਸਣ ਮਗਰੋਂ ਖੱਡ ਵਿੱਚ ਡਿੱਗ ਗਈ ਸੀ, ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸਨ। ਇਸ ਹਾਦਸੇ ’ਚ ਸਲੌਦੀ ਦਾ ਫੌਜੀ ਨੌਜਵਾਨ ਸਵਰਨਜੀਤ ਸਿੰਘ ਸ਼ਹੀਦ ਹੋ ਗਿਆ ਹੈ, ਜਦੋਂ ਕਿ ਉਸਦੇ ਦੋਵੇਂ ਸਾਥੀ ਗੰਭੀਰ ਜ਼ਖ਼ਮੀ ਹੋਏ ਹਨ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਵਨਜੀਤ ਸਿੰਘ 2008 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ, ਵੱਖ-ਵੱਖ ਥਾਵਾਂ ’ਤੇ ਡਿਊਟੀ ਕਰਨ ਉਪਰੰਤ ਇਸ ਵੇਲੇ ਲੇਹ ਵਿੱਚ ਤਾਇਨਾਤ ਸੀ। ਸ਼ਹੀਦ ਦੇ ਪਿਤਾ ਪਰਮਜੀਤ ਸਿੰਘ ਨੇ ਕਿਹਾ ਕਿ ਪੁੱਤ ਦੇ ਇਸ ਦੁਨੀਆ ਤੋਂ ਤੁਰ ਜਾਣ ਦਾ ਦੁੱਖ ਤਾਂ ਹੈ ਪਰ ਉਸ ਨੂੰ ਪੁੱਤ ਦੀ ਸ਼ਹੀਦੀ ’ਤੇ ਮਾਣ ਵੀ ਹੈ।