ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 1 ਮਾਰਚ
ਮੁਕਤਸਰ-ਕੋਟਕਪੂਰਾ ਰੋਡ ’ਤੇ ਪਿੰਡ ਵੜਿੰਗ ਨੇੜੇ ਜੌੜੀਆਂ ਨਹਿਰਾਂ ਕੋਲ ਦੋ ਕਾਰਾਂ ਦੀ ਟੱਕਰ ’ਚ ਮਾਂ-ਪੁੱਤ ਦੀ ਮੌਤ ਹੋ ਗਈ, ਜਦਕਿ ਦੋਵੇਂ ਕਾਰਾਂ ’ਚ ਸਵਾਰ ਚਾਰ ਜਣੇ ਜ਼ਖਮੀ ਹੋ ਗਏ। ਮਰਨ ਵਾਲਿਆਂ ’ਚ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਪੀਏ ਜਗਸੀਰ ਸਿੰਘ (35) ਤੇ ਉਨ੍ਹਾਂ ਦੀ ਮਾਤਾ ਪਰਮਜੀਤ ਕੌਰ (60) ਸ਼ਾਮਲ ਹਨ। ਜ਼ਖ਼ਮੀਆਂ ’ਚ ਮ੍ਰਿਤਕ ਜਗਸੀਰ ਸਿੰਘ ਦੀ ਪਤਨੀ ਅੰਮ੍ਰਿਤਪਾਲ ਕੌਰ (35) , ਬੇਟੀ ਅਭਿਜੋਤ ਕੌਰ (8 ) ਵਾਸੀ ਧਰਮਕੋਟ (ਮੋਗਾ) ਤੇ ਦੂਜੀ ਕਾਰ ’ਚ ਸਵਾਰ ਭਗਵੰਤ ਸਿੰਘ ਤੇ ਜਗਤਾਰ ਸਿੰਘ ਵਾਸੀ ਸ੍ਰੀਗੰਗਾਨਗਰ ਸ਼ਾਮਲ ਹਨ।
ਧਰਮਕੋਟ ਦਾ ਰਹਿਣ ਵਾਲਾ ਜਗਸੀਰ ਸਿੰਘ ਆਪਣੀ ਮਾਤਾ, ਪਤਨੀ ਤੇ ਬੇਟੀ ਨਾਲ ਸ੍ਰੀ ਮੁਕਤਸਰ ਸਾਹਿਬ ਆਪਣੇ ਰਿਸ਼ਤੇਦਾਰੀ ’ਚ ਨਵਜੰਮੇ ਬੱਚੇ ਨੂੰ ਸ਼ਗਨ ਦੇਣ ਪੁੱਜੇ ਸਨ। ਉਹ ਦੇਰ ਸ਼ਾਮ ਕਾਰ ਰਾਹੀਂ ਧਰਮਕੋਟ ਰਵਾਨਾ ਹੋਏ। ਜਦੋਂ ਉਨ੍ਹਾਂ ਦੀ ਕਾਰ ਕੋਟਕਪੂਰਾ ਰੋਡ ’ਤੇ ਜੌੜੀਆਂ ਨਹਿਰਾਂ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਵਰਨਾ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਜਗਸੀਰ ਸਿੰਘ ਤੇ ਉਸ ਦੀ ਮਾਤਾ ਪਰਮਜੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਵਰਨਾ ਕਾਰ ਚਾਲਕ ਭਗਵੰਤ ਸਿੰਘ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਥਾਣਾ ਬਰੀਵਾਲਾ ਪੁਲੀਸ ਨੇ ਜਗਸੀਰ ਸਿੰਘ ਦੀ ਪਤਨੀ ਦੇ ਬਿਆਨਾਂ ’ਤੇ ਵਰਨਾ ਕਾਰ ਚਾਲਕ ਭਗਵੰਤ ਸਿੰਘ ਸਿੱਧੂ ਖਿਲਾਫ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਦਾ ਕੇਸ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਭਗਵੰਤ ਸਿੰਘ ਸਿੱਧੂ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦਾ ਪੀਏ ਹੈ।