ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਮਾਰਚ
ਸਾਬਕਾ ਉੱਪ ਮੁੱਖ ਮੰਤਰੀ ਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਇਕ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਉਹ ਬਾਦਲ ਦਲ ਦੀ ਚਿੰਤਾ ਛੱਡ ਕੇ ਸਮੁੱਚੀ ਕੌਮ ਦੀ ਅਗਵਾਈ ਕਰਨ। ਇਹ ਪੱਤਰ ਉਨ੍ਹਾਂ ਹਾਲ ਹੀ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਖ਼ਤਮ ਹੋ ਰਹੀ ਹੋਂਦ ’ਤੇ ਪ੍ਰਗਟਾਈ ਚਿੰਤਾ ਦੇ ਪ੍ਰਤੀਕਰਮ ਵਜੋਂ ਭੇਜਿਆ ਹੈ। ਦੋ ਸਫਿਆਂ ਦੇ ਇਸ ਪੱਤਰ ਵਿਚ ਉਨ੍ਹਾਂ ਲਿਖਿਆ ਕਿ ਚੋਣਾਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਨੂੰ ਲੈ ਕੇ ਅਕਾਲ ਤਖਤ ਵੱਲੋਂ ਚਿੰਤਾ ਪ੍ਰਗਟਾਈ ਗਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਜਦੋਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਭਾਜਪਾ ਵਿਚ ਸ਼ਾਮਲ ਹੋਏ ਸਨ ਤਾਂ ਉਸ ਵੇਲੇ ਵੀ ਚਿੰਤਾ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਦੀ ਨੁਮਾਇੰਦਾ ਜਥੇਬੰਦੀ ਦੱਸਦਿਆਂ ਤਕੜਾ ਕਰਨ ਦਾ ਸੰਦੇਸ਼ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਚੋਣਾਂ ਵਿੱਚ ਲੋਕਾਂ ਨੇ ਅਕਾਲੀ ਦਲ ਨੂੰ ਵਿਸਾਰ ਦਿੱਤਾ ਹੈ, ਜਿਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਬਾਦਲਾਂ ਦਾ ਅਕਾਲੀ ਦਲ ਪੰਥ ’ਚੋਂ ਨਿਖੜ ਚੁੱਕਾ ਹੈ। ਉਨ੍ਹਾਂ ਜਥੇਦਾਰ ਨੂੰ ਕਿਹਾ ਕਿ ਉਨ੍ਹਾਂ ਦੇ ਸੰਦੇਸ਼ ’ਚੋਂ ਬਾਦਲਾਂ ਪ੍ਰਤੀ ਵਿਸ਼ੇਸ਼ ਸਨੇਹ ਝਲਕਦਾ ਹੈ। ਉਨ੍ਹਾਂ ਲਿਖਿਆ ਕਿ ਪਿਛਲੀਆਂ ਤੇ ਮੌਜੂਦਾ ਚੋਣਾਂ ਸਮੇਂ ਮਰਿਆਦਾ ਤੇ ਪ੍ਰੰਪਰਾਵਾਂ ਨੂੰ ਦਰ ਕਿਨਾਰ ਕਰ ਕੇ ਬਾਦਲ ਦਲ ਨੇ ਜਿਵੇਂ ਡੇਰਾ ਸਿਰਸਾ ਦੀ ਹਮਾਇਤ ਲਈ ਸੀ, ਉਸ ਦਾ ਸਿੱਖ ਸੰਗਤ ਨੇ ਢੁਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਪੰਥ ਨੂੰ ਸਿਰਫ ਬਾਦਲਾਂ ਤਕ ਹੀ ਸੀਮਤ ਨਾ ਕਰਨ। 1920 ਵਿੱਚ ਜਦੋਂ ਸ਼੍ਰ੍ਰੋਮਣੀ ਅਕਾਲੀ ਦਲ ਬਣਿਆ ਸੀ ਤਾਂ ਉਸ ਵੇਲੇ ਸਾਰੇ ਵਰਗਾਂ ਦੇ ਸੂਝਵਾਨ ਸਿੱਖ, ਵਿਰੋਧੀ ਧਿਰਾਂ, ਸਿੰਘ ਸਭਾਵਾਂ, ਸੰਪਰਦਾਵਾਂ, ਬੁੱਧੀਜੀਵੀਆਂ ਆਦਿ ਨੂੰ ਲੈ ਕੇ ਇਸ ਦੀ ਸਥਾਪਨਾ ਹੋਈ ਸੀ। ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ, ‘‘ਤੁਸੀਂ ਸਮੁੱਚੀ ਕੌਮ ਦੇ ਜਥੇਦਾਰ ਹੋ, ਬਾਦਲ ਦਲ ਦੀ ਚਿੰਤਾ ਛੱਡ ਕੇ ਸਮੁੱਚੀ ਕੌਮ ਦੀ ਅਗਵਾਈ ਕਰੋ, ਇਹ ਇਕ ਸੁਨਹਿਰੀ ਮੌਕਾ ਹੈ ਕਿ ਤੁਸੀਂ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਨੂੰ ਮੁੜ ਬੁਲੰਦੀਆਂ ਵੱਲ ਲਿਜਾ ਸਕਦੇ ਹੋ।’’ ਜਥੇਦਾਰ ਦੇ ਨਿੱਜੀ ਸਕੱਤਰ ਜਸਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਇਹ ਪੱਤਰ ਇੱਥੇ ਸਕੱਤਰੇਤ ਵਿੱਚ ਨਹੀਂ ਮਿਲਿਆ ਹੈ।