ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਨਵੰਬਰ
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਫੈਡਰੇਸ਼ਨ ਆਗੂ ਜਗਰੂਪ ਸਿੰਘ ਚੀਮਾ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਇਲਾਜ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਉਨ੍ਹਾਂ ਦਾ ਇਲਾਜ ਪਰਿਵਾਰ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਕੀਤਾ ਜਾਵੇ।
ਆਗੂਆਂ ਨੇ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਮੁਤਵਾਜ਼ੀ ਜਥੇਦਾਰ ਦੇ ਚੰਗੇ ਇਲਾਜ ਲਈ ਦਿੱਲੀ ਸਰਕਾਰ ’ਤੇ ਦਬਾਅ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਪਿਛਲੇ ਕਈ ਦਿਨਾਂ ਤੋਂ ਠੀਕ ਨਹੀਂ ਹਨ ਅਤੇ ਉਨ੍ਹਾਂ ਨੂੰ ਦਿੱਲੀ ਦੇ ਦੀਨ ਦਿਆਲ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਉਨ੍ਹਾਂ ਦਾ ਇਸ ਹਸਪਤਾਲ ਤੋਂ ਬਦਲ ਕੇ ਕਿਸੇ ਚੰਗੇ ਅਤੇ ਸਾਫ਼-ਸੁਥਰੇ ਹਸਪਤਾਲ ਵਿੱਚ ਇਲਾਜ ਕਰਵਾਇਆ ਜਾਵੇ, ਦੇਖ-ਰੇਖ ਅਤੇ ਸਾਂਭ-ਸੰਭਾਲ ਸਮੇਤ ਚੰਗੀ ਖੁਰਾਕ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜਥੇਦਾਰ ਹਵਾਰਾ ਦੇ ਖੂਨ ਵਿੱਚੋਂ ਸੈੱਲ ਘਟ ਗਏ ਹਨ, ਜਿਸ ਕਾਰਨ ਉਹ ਕਾਫ਼ੀ ਬਿਮਾਰ ਹਨ। ਜਥੇਦਾਰ ਹਵਾਰਾ ਦੇ ਧਰਮ ਪਿਤਾ ਬਣੇ ਬਾਪੂ ਗੁਰਬਚਨ ਸਿੰਘ ਅਤੇ ਕੁਝ ਹੋਰ ਸਮਰਥਕ ਉਥੇ ਮੌਜੂਦ ਹਨ ਪਰ ਪੁਲੀਸ ਉਨ੍ਹਾਂ ਨੂੰ ਉਥੇ ਜਾਣ ਦੀ ਆਗਿਆ ਨਹੀਂ ਦੇ ਰਹੀ। ਦੱਸਣਯੋਗ ਹੈ ਕਿ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਬੇਅੰਤ ਸਿੰਘ (ਸਾਬਕਾ ਮੁੱਖ ਮੰਤਰੀ) ਕਤਲ ਕਾਂਡ ਸਬੰਧੀ ਤਿਹਾੜ ਜੇਲ੍ਹ ਵਿੱਚ ਬੰਦ ਹਨ।