ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਨਵੰਬਰ
ਪ੍ਰਧਾਨ ਮੰਤਰੀ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਕੈਬਨਿਟ ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ’ਤੇ ਮੋਹਰ ਲਗਾਉਣ ਮਗਰੋਂ ਮੋਰਚੇ ਵਿੱਚ ਜਿੱਤ ਦਾ ਮਾਹੌਲ ਬਣ ਗਿਆ ਹੈ ਜਿਸ ਨੂੰ ਸਵੇਰੇ ਸਟੇਜ ਤੋਂ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਦਾ ਜਥਾ ਵੀ ਬੀਤੇ ਦਿਨ ਸਿੰਘੂ ਸਰਹੱਦ ’ਤੇ ਪਹੁੰਚਿਆ ਸੀ। ਅੱਜ ਇਹ ਜਥਾ ਮਾਰਚ ਕਰਦਾ ਹੋਇਆ ਮੁੱਖ ਸਟੇਜ ਵੱਲ ਨਾਅਰੇ ਲਾਉਂਦਾ ਹੋਇਆ ਵਧਿਆ।
ਫੈਡਰੇਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਰਕਾਰ ਨੂੰ ਲੋਕ ਸ਼ਕਤੀ ਅੱਗੇ ਝੁਕਣਾ ਪਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹੋ ਰਹੇ ਸਿਆਸੀ ਨੁਕਸਾਨ ਤੋਂ ਬਚਣ ਲਈ ਇਹ ਕਾਨੂੰਨ ਰੱਦ ਕਰਨ ਦਾ ਫੈ਼ਸਲਾ ਲਿਆ ਹੈ। ਸ੍ਰੀ ਭੰਗੂ ਨੇ ਕਿਹਾ ਕਿ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ, ਸਾਰੇ ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਕੇਸਾਂ ਦੀ ਵਾਪਸੀ, ਸ਼ਹੀਦਾਂ ਦੇ ਪਰਿਵਾਰਾਂ ਨੂੰ ਯੋਗ ਮੁਆਵਜ਼ਾ, ਅਜੇ ਮਿਸ਼ਰਾ ਦੀ ਗ੍ਰਿਫ਼ਤਾਰੀ ਤੇ ਲਖੀਮਪੁਰ ਵਿੱਚ ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਕੇਸਾਂ ਦੀ ਵਾਪਸੀ ਸਣੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਦੀ ਰਿਹਾਈ ਦੇ ਮੁੱਦਿਆਂ ’ਤੇ ਹਾਲੇ ਤੱਕ ਸਰਕਾਰ ਨੇ ਆਪਣਾ ਪੱਖ ਸਪਸ਼ਟ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਖੇਤਾਬਾੜੀ ਸੰਕਟ ਦੇ ਹੱਲ ਲਈ ਕਿਸਾਨਾਂ ਨੂੰ ਭਵਿੱਖ ਵਿੱਚ ਵੀ ਅੰਦੋਲਨ ਲਈ ਤਿਆਰ ਰਹਿਣਾ ਪਵੇਗਾ। ਜਥੇ ਦੀ ਅਗਵਾਈ ਪਵਨ ਕੁਮਾਰ ਸੋਗਲਪੁਰ, ਇਕਬਾਲ ਸਿੰਘ ਮੰਡੌਲੀ, ਮਲਕੀਅਤ ਸਿੰਘ ਚੰਡੀਗੜ੍ਹ, ਗੁਰਦੀਪ ਸਿੰਘ ਸਰਾਲਾ ਕਲਾਂ, ਪ੍ਰੋ. ਰਣਬੀਰ ਕੌਰ ਭੰਗੂ, ਪੱਪੂ ਰਾਮ, ਲਸ਼ਕਰ ਸਿੰਘ, ਚਰਨਜੀਤ ਸਿੰਘ ਲਾਛੜੂ, ਅਵਤਾਰ ਸਿੰਘ ਸਰਪੰਚ ਮਨਾਣਾ, ਲਸ਼ਕਰ ਸਿੰਘ, ਰਾਜਿੰਦਰ ਸਿੰਘ ਤੇ ਪਵਿੱਤਰ ਸਿੰਘ ਨੇ ਕੀਤੀ।