ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 16 ਸਤੰਬਰ
ਸਿੰਗਾਪੁਰ ਵਿੱਚ ਹੋਈ 12ਵੀਂ ਨੈੱਟਬਾਲ ਏਸ਼ੀਅਨ ਚੈਪੀਅਨਸ਼ਿਪ ਦੌਰਾਨ ਤਗ਼ਮਾ ਹਾਸਿਲ ਕਰਨ ਵਾਲੀ ਭਾਰਤੀ ਟੀਮ ਵਿੱਚ ਸ਼ਾਮਲ ਪੰਜਾਬ ਦੀ ਖਿਡਾਰਨ ਜਸਵਿੰਦਰ ਕੌਰ ਆਸ਼ੂ ਨੇ ਜਿੱਥੇ ਪੂਰੇ ਸੂਬੇ ਦਾ ਮਾਣ ਵਧਾਇਆ ਹੈ, ਉੱਥੇ ਜ਼ਿਲ੍ਹਾ ਬਰਨਾਲਾ ਦਾ ਨਾਮ ਵੀ ਖੇਡਾਂ ਦੇ ਖੇਤਰ ਵਿੱਚ ਚਮਕਾਇਆ ਹੈ। ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਬਰਨਾਲਾ ਪੁਲੀਸ ’ਚ ਸੇਵਾਵਾਂ ਨਿਭਾਅ ਰਹੀ ਧਨੌਲਾ ਖੁਰਦ ਦੀ ਜੰਮਪਲ ਹੈੱਡ ਕਾਂਸਟੇਬਲ ਜਸਵਿੰਦਰ ਕੌਰ ਆਸ਼ੂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਅਨੇਕਾਂ ਔਕੜਾਂ ਦੇ ਬਾਵਜੂਦ ਨੈੱਟਬਾਲ ’ਚ ਕੌਮਾਂਤਰੀ ਪੱਧਰ ’ਤੇ ਮਾਣ ਹਾਸਲ ਕਰਨ ਵਾਲੀ ਜਸਵਿੰਦਰ ਪੰਜਾਬ ਦੀਆਂ ਹੋਰਨਾਂ ਲੜਕੀਆਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤਗ਼ਮੇ ਜਿੱਤਣ ਵਾਲੇ ਖਿਡਾਰੀਆਂ ਲਈ ਵਜ਼ੀਫਾ ਸਕੀਮ ਸ਼ੁਰੂ ਕੀਤੀ ਗਈ ਹੈ ਤੇ ਆਉਂਦੇ ਸਮੇਂ ’ਚ ਨਵੀਂ ਖੇਡ ਨੀਤੀ ਵੀ ਲਿਆਂਦੀ ਜਾਵੇਗੀ। ਇਸ ਮਗਰੋਂ ਖੇਡ ਮੰਤਰੀ ਦੇ ਓਐੱਸਡੀ ਹਸਨਪ੍ਰੀਤ ਭਾਰਦਵਾਜ ਨੇ ਧਨੌਲਾ ਖੁਰਦ ਪੁੱਜ ਕੇ ਜਸਵਿੰਦਰ ਕੌਰ ਨੂੰ ਮੁਬਾਰਕਬਾਦ ਦਿੱਤੀ। ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਨੌਵੀਂ ਕਲਾਸ ਤੋਂ ਨੈੱਟਬਾਲ ਖੇਡਣੀ ਸ਼ੁਰੂ ਕੀਤੀ ਸੀ ਤੇ ਹੁਣ ਤੱਕ ਉਹ ਕੌਮੀ ਪੱਧਰ ’ਤੇ ਕਈ ਤਗ਼ਮੇ ਹਾਸਲ ਕਰ ਚੁੱਕੀ ਹੈ।