ਜਸਵੰਤ ਜੱਸ/ਗੁਰਪ੍ਰੀਤ ਸਿੰਘ
ਫ਼ਰੀਦਕੋਟ/ਸਾਦਿਕ, 16 ਮਾਰਚ
ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸ਼ੇਰ ਸਿੰਘ ਵਾਲਾ ਤੋਂ ਸੱਤ ਸਾਲ ਪਹਿਲਾਂ ਗੁੰਮ ਹੋਇਆ ਨੌਜਵਾਨ ਬੀਤੇ ਦਿਨ ਮਾਪਿਆਂ ਨੂੰ ਪਿੰਡ ਖਟਕੜ ਕਲਾਂ ਵਿੱਚ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਪੰਡਾਲ ਤਿਆਰ ਕਰਨ ਦੌਰਾਨ ਮਿਲਿਆ ਹੈ। ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ (26) ਵਾਸੀ ਸ਼ੇਰ ਸਿੰਘ ਵਾਲਾ ਲਗਪਗ ਸੱਤ ਸਾਲ ਪਹਿਲਾਂ ਫ਼ੌਜ ਵਿੱਚ ਭਰਤੀ ਹੋਣ ਗਿਆ ਸੀ। ਫ਼ੌਜ ਵਿੱਚ ਨੌਕਰੀ ਨਾ ਮਿਲਣ ਕਾਰਨ ਉਹ ਘਰੋਂ ਦੌੜ ਗਿਆ। ਪ੍ਰੇਸ਼ਾਨ ਹੋਏ ਮਾਪਿਆਂ ਨੇ ਇਸ ਸਬੰਧੀ ਥਾਣਾ ਸਾਦਿਕ ਵਿੱਚ ਸ਼ਿਕਾਇਤ ਦਰਜ ਕਰਵਾ ਕੇ ਉਸ ਦੀ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲਿਆ। ਬੀਤੇ ਦਿਨ ਪੁਲੀਸ ਨੇ ਪਿੰਡ ਖਟਕੜ ਕਲਾਂ ਵਿੱਚ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਾਲੇ ਪੰਡਾਲ ਵਿੱਚ ਕੰਮ ਕਰ ਰਹੇ ਟੈਂਟ ਵਾਲੇ ਮਜ਼ਦੂਰਾਂ ਦੀ ਜਾਂਚ ਪੜਤਾਲ ਕੀਤੀ ਤਾਂ ਜਸਵਿੰਦਰ ਸਿੰਘ ਆਪਣਾ ਆਧਾਰ ਕਾਰਡ ਅਤੇ ਹੋਰ ਸ਼ਨਾਖਤੀ ਦਸਤਾਵੇਜ਼ ਨਹੀਂ ਦਿਖਾ ਸਕਿਆ। ਇਸ ਮਗਰੋਂ ਪੁਲੀਸ ਨੇ ਉਸ ਦਾ ਨਾਮ-ਪਤਾ ਪੁੱਛ ਕੇ ਫਰੀਦਕੋਟ ਪ੍ਰਸ਼ਾਸਨ ਜ਼ਰੀਏ ਜਸਵਿੰਦਰ ਦੇ ਪਰਿਵਾਰ ਤੱਕ ਪਹੁੰਚ ਕੀਤੀ ਤਾਂ ਉਸ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿਛਲੇ ਸੱਤ ਸਾਲ ਤੋਂ ਗੁੰਮ ਹੈ। ਇਸ ਤੋਂ ਬਾਅਦ ਜਸਵਿੰਦਰ ਸਿੰਘ ਦੇ ਮਾਪਿਆਂ ਨੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨਾਲ ਸੰਪਰਕ ਕੀਤਾ ਅਤੇ ਖਟਕੜ ਕਲਾਂ ਜਾ ਕੇ ਆਪਣਾ ਲੜਕਾ ਪਛਾਣ ਲਿਆ। ਪੁਲੀਸ ਨੇ ਮੁੱਢਲੀ ਪੜਤਾਲ ਤੋਂ ਬਾਅਦ ਜਸਵਿੰਦਰ ਸਿੰਘ ਨੂੰ ਮਾਪਿਆਂ ਹਵਾਲੇ ਕਰ ਦਿੱਤਾ ਹੈ।
ਨੌਜਵਾਨ ਦੇ ਪਿਤਾ ਦਵਿੰਦਰ ਸਿੰਘ ਨੇ ਕਿਹਾ ਕਿ ਜਸਵਿੰਦਰ ਜਦੋਂ ਗੁੰਮ ਹੋਇਆ ਸੀ ਤਾਂ ਉਸ ਦੀ ਉਮਰ 19 ਸਾਲ ਸੀ। 10ਵੀਂ ਪਾਸ ਜਸਵਿੰਦਰ ਘਰ ਦੀ ਹਾਲਤ ਸੁਧਾਰਨ ਲਈ ਸਰਕਾਰੀ ਨੌਕਰੀ ਕਰਨਾ ਚਾਹੁੰਦਾ ਸੀ ਪਰ ਉਸ ਨੂੰ ਨੌਕਰੀ ਨਹੀਂ ਮਿਲੀ। ਸੱਤ ਸਾਲ ਤੋਂ ਰੂਪੋਸ਼ ਹੋ ਕੇ ਅੰਮ੍ਰਿਤਸਰ ਦੇ ਇੱਕ ਟੈਂਟ ਹਾਊਸ ਵਿੱਚ ਮਜ਼ਦੂਰ ਵਜੋਂ ਕੰਮ ਕਰ ਰਿਹਾ ਸੀ।
ਮੁੱਖ ਸਟੇਜ ਸਾਹਮਣੇ ਕੁਰਸੀਆਂ ਲਾ ਰਿਹਾ ਸੀ ਜਸਵਿੰਦਰ
ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਜਦੋਂ ਜਸਵਿੰਦਰ ਸਿੰਘ ਦੇ ਮਾਂ-ਪਿਓ ਅਤੇ ਪਿੰਡ ਵਾਸੀ ਖਟਕੜ ਕਲਾਂ ਰੈਲੀ ਵਾਲੀ ਥਾਂ ’ਤੇ ਪੁੱਜੇ ਤਾਂ ਉਨ੍ਹਾਂ ਦਾ ਲੜਕਾ ਮੁੱਖ ਸਟੇਜ ਦੇ ਸਾਹਮਣੇ ਕੁਰਸੀਆਂ ਲਗਾ ਰਿਹਾ ਸੀ। ਸੱਤ ਸਾਲਾਂ ਬਾਅਦ ਪਿੰਡ ਪੁੱਜਣ ’ਤੇ ਰਿਸ਼ਤੇਦਾਰਾਂ, ਮਾਪਿਆਂ ਤੇ ਪਿੰਡ ਵਾਸੀਆਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ ਹੈ। ਜਸਵਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਹੈ।