ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 15 ਜੂਨ
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਆਪਣੇ ਸ਼ਹਿਰ ਜੰਡਿਆਲਾ ਗੁਰੂ ਦੇ ਵੱਡੇ ਹਿੱਸੇ ਵਿੱਚ 26 ਘੰਟਿਆਂ ਤੋਂ ਵੀ ਜ਼ਿਆਦਾ ਸਮੇਂ ਬਾਅਦ ਬਿਜਲੀ ਸਪਲਾਈ ਸ਼ੁਰੂ ਹੋਈ। ਲੰਬਾ ਸਮਾਂ ਬਿਜਲੀ ਬੰਦ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਲੱਗੇ ਇਨਵਰਟਰ ਤੱਕ ਬੰਦ ਹੋ ਗਏ। ਉੱਪਰੋਂ ਗਰਮੀ ਵੀ ਬਹੁਤ ਜ਼ਿਆਦਾ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਸ਼ਹਿਰ ਵਾਸੀਆਂ ਵਿਚ ਬਿਜਲੀ ਵਿਭਾਗ ਅਤੇ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਵੇਖਣ ਨੂੰ ਮਿਲਿਆ। ਇਸ ਸਬੰਧੀ ਦਰਸ਼ਨੀ ਬਾਜ਼ਾਰ ਅਤੇ ਹੋਰ ਸ਼ਹਿਰ ਵਾਸੀਆਂ ਨੇ ਕਿਹਾ ਉਹ ਬੀਤੀ ਰਾਤ ਤੋਂ ਬਿਜਲੀ ਬੰਦ ਹੋਣ ਕਾਰਨ ਬਹੁਤ ਮੁਸ਼ਕਲ ਵਿੱਚ ਸਨ। ਸ਼ਹਿਰ ਵਾਸੀਆਂ ਕਿਹਾ ਕਿ ਇੰਨਾ ਲੰਮਾ ਸਮਾਂ ਇਸ ਗਰਮੀ ਦੇ ਮੌਸਮ ਵਿੱਚ ਬੱਤੀ ਬੰਦ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਉਹ ਰਾਤ ਨੂੰ ਵੀ ਬਿਜਲੀ ਬੋਰਡ ਦੇ ਕੰਪਲੇਂਟ ਸੈਂਟਰ ਵਿੱਚ ਗਏ ਸਨ ਪਰ ਕਿਸੇ ਨੇ ਵੀ ਬੱਤੀ ਠੀਕ ਨਹੀਂ ਕੀਤੀ। ਇਸ ਸਬੰਧੀ ਪੀਐੱਸਪੀਸੀਐਲ ਦੇ ਐੱਸਡੀਓ ਗੌਰਵ ਕੁਮਾਰ ਨੇ ਕਿਹਾ ਜੰਡਿਆਲਾ ਗੁਰੂ ਦੇ ਦਰਸ਼ਨੀ ਬਾਜ਼ਾਰ ਨੂੰ ਜਾਣ ਵਾਲੀ ਬਿਜਲੀ ਦੀ ਕੇਬਲ ਪੁਰਾਣੀ ਸੀ ਤੇ ਜਗ੍ਹਾ-ਜਗ੍ਹਾ ਤੋਂ ਉਸ ਵਿੱਚ ਜੋੜ ਸਨ, ਜਿਸ ਕਾਰਨ ਉਹ ਰਾਤ ਜ਼ਿਆਦਾ ਲੋਡ ਹੋਣ ਕਾਰਨ ਸੜ ਗਈ ਹੈ ਅਤੇ ਉਸ ਨੂੰ ਬਦਲਣ ਗਏ ਕਰਮਚਾਰੀਆਂ ਨੂੰ ਦਰਸ਼ਨੀ ਬਾਜ਼ਾਰ ਦੇ ਕੁਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਜੋੜ ਲਗਾਉਣ ਤੋਂ ਰੋਕਣ ਕਾਰਨ ਰਾਤ ਬਿਜਲੀ ਸਪਲਾਈ ਚਾਲੂ ਨਾ ਹੋ ਸਕੀ ਅਤੇ ਹੁਣ ਨਵੀਂ ਕੇਬਲ ਲਿਆ ਕੇ ਬਿਜਲੀ ਕਰਮਚਾਰੀ ਬਦਲ ਰਹੇ ਹਨ ਅਤੇ ਕੁਝ ਸਮੇਂ ਵਿੱਚ ਹੀ ਬਿਜਲੀ ਸਪਲਾਈ ਚਾਲੂ ਹੋ ਜਾਏਗੀ। ਸ਼ਹਿਰ ਵਾਸੀਆਂ ਦੇ ਵੱਧਦੇ ਰੋਸ ਅਤੇ ਦਬਾਅ ਦੇ ਬਾਵਜੂਦ ਵੀ ਬਿਜਲੀ ਸਪਲਾਈ ਬਾਅਦ ਦੁਪਹਿਰ ਤਿੰਨ ਵਜੇ ਕਰੀਬ 26 ਘੰਟਿਆਂ ਬਾਅਦ ਚਾਲੂ ਕੀਤੀ ਜਾ ਸਕੀ।