ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 14 ਮਈ
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਝੋਨੇ ਦੇ ਸੀਜ਼ਨ ਲਈ ਕਿਸਾਨਾਂ ਨੂੰ ਬਿਜਲੀ ਦੇਣ ਦੇ ਪੁਖ਼ਤਾ ਪ੍ਰਬੰਧਾਂ ਲਈ 132 ਕੇ ਵੀ ਸਬ ਸਟੇਸ਼ਨ ਜੰਡਿਆਲਾ ਗੁਰੂ ਅਤੇ ਬੰਡਾਲਾ ਵਿਖੇ 55 ਲੱਖ ਦੀ ਲਾਗਤ ਨਾਲ ਨਵੇਂ ਲਗਾਏ ਕਈ ਬਰੇਕਰਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਭਾਵੇਂ ਸਮੁੱਚਾ ਦੇਸ਼ ਬਿਜਲੀ ਦੀ ਗੰਭੀਰ ਕਿੱਲਤ ਦਾ ਸਾਹਮਣਾ ਕਰ ਰਿਹਾ ਹੈ ਪਰ ਪੰਜਾਬ ਸਰਕਾਰ ਨੇ ਕਿਸਾਨਾਂ ਲਈ ਝੋਨੇ ਦੇ ਸੀਜ਼ਨ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਸਾਰੀ ਤਿਆਰੀ ਕੀਤੀ ਹੋਈ ਹੈ। ਉਹ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪੜਾਅਵਾਰ ਲਵਾਈ ਸਬੰਧੀ ਸੁਝਾਏ ਗਏ ਫਾਰਮੂਲੇ ਨੂੰ ਅਪਣਾਉਣ ਤਾਂ ਜੋ ਧਰਤੀ ਹੇਠਲੇ ਪਾਣੀ ਬਚਾਉਣ ਦੇ ਨਾਲ-ਨਾਲ ਬਿਜਲੀ ਦੀ ਕਿੱਲਤ, ਮਜ਼ਦੂਰਾਂ ਅਤੇ ਖਾਦ ਦੀ ਘਾਟ ਵਰਗੇ ਹੋਰ ਸਾਰੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ। ਉਨ੍ਹਾਂ ਅੱਗੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸਾਰੇ ਖਪਤਕਾਰਾਂ ਨੂੰ ਜੋ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫਤ ਦੇਣ ਦਾ ਐਲਾਨ ਕੀਤਾ ਹੈ, ਉਹ ਸਹੂਲਤ 1 ਜੁਲਾਈ ਤੋਂ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਅੱਜ ਜੰਡਿਆਲਾ ਗੁਰੂ ਤੇ ਬੰਡਾਲਾ ਦੇ ਜਿਹੜੇ 5 ਨਵੇਂ ਬਰੇਕਰਾਂ ਤੇ ਲਾਈਨਾਂ ਦੀ ਸ਼ੁਰੂਆਤ ਕੀਤੀ ਗਈ ਹੈ, ਉਸ ਨਾਲ ਗੁਨੋਵਾਲ, ਜੰਡਿਆਲਾ ਗੁਰੂ ਦਾ ਕੁੱਝ ਹਿੱਸਾ, ਭੰਗਵਾਂ, ਗਦਲੀ, ਜਾਣੀਆਂ, ਨੰਗਲ ਗੁਰੂ, ਠੱਠੀਆਂ, ਸਫੀਪੁਰ ਅਤੇ ਬੰਡਾਲਾ ਪਿੰਡਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ। ਇਸ ਮੌਕੇ ਵਿਭਾਗ ਦੇ ਚੀਫ ਬਾਰਡਰ ਜ਼ੋਨ ਬਾਲ ਕ੍ਰਿਸ਼ਨ, ਨਿਗਰਾਨ ਇੰਜਨੀਅਰ ਜਤਿੰਦਰ ਸਿੰਘ, ਐਕਸੀਅਨ ਮਨਿੰਦਰ ਸਿੰਘ, ਐਕਸੀਅਨ ਗੁਰਮੁਖ ਸਿੰਘ, ਐੱਸਡੀਓ ਰਾਓ ਗੌਰਵ ਕਮਾਰ, ਐੱਸਡੀਓ ਪੰਕਜ ਕੁਮਾਰ, ਜੇਈ ਰਾਕੇਸ਼ ਕੁਮਾਰ, ਨਰੇਸ਼ ਪਾਠਕ, ਸਰਬਜੀਤ ਸਿੰਘ ਡਿੰਪੀ, ਸੁਨੈਨਾ ਰੰਧਾਵਾ ਅਤੇ ਹੋਰ ਮੋਹਤਬਰ ਹਾਜ਼ਰ ਸਨ।