ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 3 ਮਈ
ਥਾਣਾ ਜੰਡਿਆਲਾ ਗੁਰੂ ਅਧੀਨ ਪਿੰਡ ਨੰਗਲ ਦਿਆਲ ਸਿੰਘ ਵਿੱਚ ਸਵੇਰੇ ਕਰੀਬ 6.30 ਵਜੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਧਰਮਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਲੱਖਾ ਵਜੋਂ ਹੋਈ ਹੈ। ਕਤਲ ਦਾ ਕਾਰਨ ਮ੍ਰਿਤਕ ਦਾ ਉਸੇ ਪਿੰਡ ਦੀ ਔਰਤ, ਜੋ ਆਪਣੇ ਪਤੀ ਨੂੰ ਛੱਡ ਕੇ ਧਰਮਜੀਤ ਨਾਲ ਰਹਿ ਰਹੀ ਸੀ, ਮੰਨਿਆ ਜਾ ਰਿਹਾ ਹੈ। ਇਸੇ ਕਾਰਨ ਦੋਹਾਂ ਪਰਿਵਾਰਾਂ ਵਿਚ ਆਪਸੀ ਅਣਬਣ ਵਧਦੀ ਗਈ ਤੇ ਕਈ ਵਾਰ ਝਗੜੇ ਵੀ ਹੋਏ। ਇਸ ਤੋਂ ਇਲਾਵਾ ਬੀਤੀ ਰਾਤ ਵੀ ਦੋਨਾਂ ਧੜਿਆਂ ਵਿਚ ਝਗੜਾ ਹੋਇਆ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਅੱਜ ਸਵੇਰੇ ਜਦੋਂ ਧਰਮਜੀਤ ਸਿੰਘ ਸੈਰ ਕਰ ਰਿਹਾ ਸੀ ਤਾਂ ਪਿੰਡ ਵਾਸੀ ਸੁਖਦੇਵ ਸਿੰਘ, ਸੁਦੇਸ਼ ਸਿੰਘ, ਛਿੰਦਾ, ਜੋਬਨ, ਸੂਰਜ, ਘੁੱਗੀ, ਜਗਰੂਪ ਅਤੇ ਬਿੱਟੂ ਉਸ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਮੌਕੇ ਉਪਰ ਮੌਤ ਹੋ ਗਈ। ਐੱਸਪੀਡੀ ਮਨੋਜ ਠਾਕੁਰ, ਡੀਐੱਸਪੀ ਜੰਡਿਆਲਾ ਗੁਰੂ ਸੁਖਵਿੰਦਰਪਾਲ ਸਿੰਘ, ਐੱਸਐੱਚਓ ਜੰਡਿਆਲ ਗੁਰੂ ਇੰਸਪੈਕਟਰ ਹਰਪ੍ਰੀਤ ਸਿੰਘ, ਐੱਸਐੱਚਓ ਤਰਸਿੱਕਾ ਬਲਰਾਜ ਸਿੰਘ ਤੇ ਨਵਾਂ ਪਿੰਡ ਚੌਕੀ ਇੰਚਾਰਜ ਪਰਸ਼ੋਤਮ ਲਾਲ ਪਹੁੰਚੇ। ਪੁਲੀਸ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕਤਲ ਦੀ ਜਾਂਚ ਕਰ ਰਹੀ ਹੈ ਤੇ ਕਿਸੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲੀਸ ਨੇ 3 ਔਰਤਾਂ ਸਮੇਤ 9 ਲੋਕਾਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਲਾਸ਼ ਪੋਸਟਮਾਰਟਮ ਲਈ ਅੰਮ੍ਰਿਤਸਰ ਭੇਜ ਦਿੱਤੀ ਹੈ।