ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 17 ਅਪਰੈਲ
ਗੁਰੂ ਕੀ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਅੱਜ ਸੁਪਰ ਸਿੱਖਜ਼ ਮੈਰਾਥਨ ਕਰਵਾਈ ਗਈ, ਜਿਸ ਵਿੱਚ ਜੰਮੂ ਕਸ਼ਮੀਰ ਦੇ ਇਕ ਦੌੜਾਕ ਦੀ ਮੌਤ ਹੋ ਗਈ ਹੈ। ਮੈਰਾਥਨ ਵਿੱਚ ਇਕ ਹਜ਼ਾਰ ਦੇ ਕਰੀਬ ਦੌੜਾਕਾਂ ਨੇ ਭਾਗ ਲਿਆ ਸੀ।
ਜੰਮੂ ਕਸ਼ਮੀਰ ਤੋਂ ਆਏ ਦੌੜਾਕ, ਜਿਸ ਦੀ ਉਮਰ 40 ਤੋਂ 50 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ, ਨੇ 21 ਕਿਲੋਮੀਟਰ ਦੌੜ ਵਿੱਚ ਸ਼ਮੂਲੀਅਤ ਕੀਤੀ ਸੀ। ਉਹ ਦੌੜ ਲਾ ਕੇ ਠੀਕ-ਠਾਕ ਵਾਪਸ ਵਿਰਾਸਤ-ਏ ਖਾਲਸਾ ਵਿੱਚ ਪਹੁੰਚ ਗਿਆ ਸੀ ਪਰ ਵਿਰਾਸਤ-ਏ ਖਾਲਸਾ ਦੇ ਗੇਟ ਕੋਲ ਚੱਕਰ ਆਉਣ ’ਤੇ ਡਿੱਗ ਗਿਆ। ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੈਰਾਥਨ ਆਗੂ ਡਾ. ਜਸਸਿਮਰਨ ਸਿੰਘ ਕਹਿਲ ਨੇ ਦੱਸਿਆ ਕਿ ਇਸ ਦੌੜਾਕ ਨੇ 21 ਕਿਲੋਮੀਟਰ ਦੌੜ 1 ਘੰਟਾ 50 ਮਿੰਟ ਵਿੱਚ ਪੂਰੀ ਕੀਤੀ ਸੀ ਜੋ 7:50 ਵਜੇ ਪੂਰੀ ਕੀਤੀ ਗਈ ਸੀ। ਉਪਰੰਤ ਉਹ ਘੁੰਮਦੇ ਰਹੇ, ਤਸਵੀਰਾਂ ਖਿੱਚਦੇ ਰਹੇ, ਖਾਂਦੇ-ਪੀਂਦੇ ਰਹੇ ਤੇ ਬਾਹਰ ਚਲੇ ਗਏ। ਜਦੋਂ ਦੁਬਾਰਾ ਵਾਪਸ ਆਏ ਤਾਂ ਉਨ੍ਹਾਂ ਨਾਲ ਦੋ ਸਾਥੀ ਹੋਰ ਵੀ ਸਨ। ਪਰ ਉਹ ਵਿਰਾਸਤ-ਏ ਖਾਲਸਾ ਦੇ ਗੇਟ ’ਤੇ 8:40 ਵਜੇ ਬੇਹੋਸ਼ ਹੋ ਕੇ ਡਿੱਗ ਗਿਆ ਤਾਂ ਉਸਦੇ ਸਾਥੀ ਚੁੱਕ ਕੇ ਉਸਨੂੰ ਤੁਰੰਤ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਕਿ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਡਾ. ਕਹਿਲ ਨੇ ਦੱਸਿਆ ਕਿ ਇਹ ਮੰਦਭਾਗੀ ਘਟਨਾ ਦੌੜ ਪੂਰੀ ਹੋਣ ਤੋਂ ਇਕ ਘੰਟੇ ਬਾਅਦ ਵਾਪਰੀ ਹੈ। ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਪ੍ਰਣਬ ਮਹਾਜਨ ਪੁੱਤਰ ਮਰਹੂਮ ਕਾਲਾ ਰਾਮ, ਆਰਐੱਸਪੁਰਾ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਸੀ, ਪੁਲੀਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।