ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 28 ਸਤੰਬਰ
ਜੱਲ੍ਹਿਆਂਵਾਲਾ ਬਾਗ਼ ਦੇ ਮੂਲ ਸਰੂਪ ਨਾਲ ਕੀਤੀ ਛੇੜਛਾੜ ਖ਼ਤਮ ਕਰ ਕੇ ਇਸ ਦੇ ਮੂਲ ਸਰੂਪ ਦੀ ਬਹਾਲੀ ਦੀ ਮੰਗ ਸਬੰਧੀ ਨੌਜਵਾਨ ਭਾਰਤ ਸਭਾ ਅਤੇ ਸਹਿਯੋਗੀ ਨੌਜਵਾਨ ਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਜੱਲ੍ਹਿਆਂਵਾਲਾ ਬਾਗ਼ ਨੇੜੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਅੱਜ ਜ਼ਿਲ੍ਹਾ ਪ੍ਰਸ਼ਾਸਨ ਨਾਲ ਧਰਨਾਕਾਰੀਆਂ ਦੀ ਮੀਟਿੰਗ ਹੋਈ, ਪਰ ਧਰਨਾਕਾਰੀ ਜ਼ਿਲ੍ਹਾ ਅਧਿਕਾਰੀਆਂ ਦੇ ਜਵਾਬ ਤੋਂ ਅਸਤੁੰਸ਼ਟ ਹਨ ਅਤੇ ਉਨ੍ਹਾਂ ਧਰਨਾ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਣਵੀਰ ਰੰਧਾਵਾ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਸੋਚੀ-ਸਮਝੀ ਸਾਜ਼ਿਸ਼ ਤਹਿਤ ਸਾਮਰਾਜ ਖ਼ਿਲਾਫ਼ ਲੜਨ ਵਾਲੇ ਲੋਕਾਂ ਦਾ ਇਤਿਹਾਸ ਖ਼ਤਮ ਕਰ ਦੇਣਾ ਚਾਹੁੰਦੀ ਹੈ। ਸਭਾ ਦੇ ਜਨਰਲ ਸਕੱਤਰ ਮੰਗਾਂ ਆਜ਼ਾਦ ਅਤੇ ਪੀਐੱਸਯੂ ਦੇ ਸਕੱਤਰ ਅਮਨਦੀਪ ਸਿੰਘ ਨੇ ਦੋਸ਼ ਲਾਇਆ ਕਿ ਮੋਦੀ ਅਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਜੱਲ੍ਹਿਆਂਵਾਲਾ ਬਾਗ਼ ਦੀ ਇਤਿਹਾਸਕ ਦਿੱਖ ਵਿਗਾੜੀ ਗਈ ਹੈ। ਨੌਜਵਾਨ ਆਗੂ ਜਸਕਰਨ ਆਜ਼ਾਦ, ਪ੍ਰਤਾਪ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੀ ਸੂਬਾ ਮੀਤ ਪ੍ਰਧਾਨ ਹਰਦੀਪ ਕੌਰ ਕੋਟਲਾ, ਅਮਰ ਕ੍ਰਾਂਤੀ ਤੇ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਆਗੂ ਸੁਖਦੇਵ ਸੈਂਸਰਾ ਆਦਿ ਨੇ ਕਿਹਾ ਕਿ ਜਦੋਂ ਤੱਕ ਜੱਲ੍ਹਿਆਂਵਾਲਾ ਬਾਗ਼ ਦੀ ਅਸਲ ਦਿੱਖ ਬਹਾਲ ਨਹੀਂ ਕੀਤੀ ਜਾਂਦੀ, ਉਦੋਂ ਤੱਕ ਮੋਰਚਾ ਜਾਰੀ ਰਹੇਗਾ।
ਡੀਸੀ ਨਾਲ ਮੀਟਿੰਗ ਬੇਸਿੱਟਾ ਰਹੀ
ਅੱਜ ਨੌਜਵਾਨ ਭਾਰਤ ਸਭਾ ਆਗੂਆਂ ਨੂੰ ਡੀਸੀ ਨਾਲ ਮੀਟਿੰਗ ਲਈ ਸੱਦਿਆ ਗਿਆ ਸੀ। ਇਸ ਸਬੰਧੀ ਮੰਗਾ ਆਜ਼ਾਦ ਨੇ ਆਖਿਆ ਕਿ ਮੀਟਿੰਗ ਵਿੱਚ ਕੋਈ ਤਸੱਲੀਬਖਸ਼ ਨਤੀਜਾ ਸਾਹਮਣੇ ਨਹੀਂ ਆਇਆ, ਇਸ ਲਈ ਇਹ ਧਰਨਾ ਜਾਰੀ ਰਹੇਗਾ।