ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਸਤੰਬਰ
ਇਤਿਹਾਸਕ ਜੱਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਦੀ ਬਹਾਲੀ ਦੀ ਮੰਗ ਕਰ ਰਹੇ ਨੌਜਵਾਨ ਭਾਰਤ ਸਭਾ ਦੇ ਕਾਰਕੁਨਾਂ ਨੇ ਆਖਿਆ ਹੈ ਕਿ ਉਨ੍ਹਾਂ ਦੇ ਵਿਰੋਧ ਨੂੰ ਵੇਖਦਿਆਂ ਇੱਥੇ ਸ਼ਹੀਦ ਊਧਮ ਸਿੰਘ ਦੇ ਬੁੱਤ ਨੂੰ ਢਕ ਦਿੱਤਾ ਗਿਆ ਅਤੇ ਟਿਕਟ ਮਸ਼ੀਨਾਂ ਚੁੱਕਣ ਦਾ ਭਰੋਸਾ ਦਿੱਤਾ ਗਿਆ ਹੈ ਜੋ ਜਥੇਬੰਦੀ ਦੀ ਇਸ ਮਾਮਲੇ ਵਿਚ ਪਹਿਲੀ ਜਿੱਤ ਹੈ।
ਜਥੇਬੰਦੀ ਦੇ ਜਨਰਲ ਸਕੱਤਰ ਮੰਗਾ ਆਜ਼ਾਦ ਨੇ ਆਖਿਆ ਕਿ ਨੌਜਵਾਨ ਭਾਰਤ ਸਭਾ ਵੱਲੋਂ ਵਿਦਿਆਰਥੀ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ ਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ 28 ਸਤੰਬਰ ਨੂੰ ਇੱਥੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕੀਤਾ ਗਿਆ ਸੀ। ਦੋ ਦਿਨ ਚੱਲੇ ਧਰਨੇ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੇ ਇਸ ਮਾਮਲੇ ਦੇ ਹੱਲ ਲਈ 13 ਅਕਤੂਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਇੱਥੇ ਸਥਾਪਤ ਕੀਤੀਆਂ ਟਿਕਟ ਮਸ਼ੀਨਾਂ ਹਟਾਉਣ ਦਾ ਭਰੋਸਾ ਦਿੱਤਾ ਹੈ। ਦਾਖਲਾ ਦਰਵਾਜ਼ੇ ਨੇੜੇ ਲੱਗੇ ਸ਼ਹੀਦ ਊਧਮ ਸਿੰਘ ਦੇ ਬੁੱਤ, ਜਿਸ ’ਤੇ ਇਤਰਾਜ਼ ਕੀਤਾ ਜਾ ਰਿਹਾ ਸੀ, ਨੂੰ ਇਕ ਪਾਸਿਉਂ ਢੱਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬੁੱਤ ਸ਼ਹੀਦ ਦੀ ਸ਼ਖਸੀਅਤ ਨਾਲ ਮੇਲ ਨਹੀਂ ਖਾਂਦਾ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਮੁੱਖ ਮੰਗ ਸ਼ਹੀਦੀ ਸਮਾਰਕ ਦੇ ਮੂਲ ਸਰੂਪ ਨੂੰ ਬਹਾਲ ਕਰਨਾ ਹੈ, ਜਿਸ ਤਹਿਤ ਸ਼ੁਰੂ ਕੀਤਾ ਦੂਜਾ ਦਰਵਾਜ਼ਾ ਬੰਦ ਕਰਨ, ਸ਼ਹੀਦੀ ਖੂਹ ਦਾ ਪੁਰਾਤਨ ਸਰੂਪ ਬਹਾਲ ਕਰਨ, ਸ਼ਹੀਦ ਗੈਲਰੀ ਵਿਚੋਂ ਹਟਾਈਆਂ ਤਸਵੀਰਾਂ ਅਤੇ ਕੱਟੇ ਗਏ ਸ਼ਹੀਦਾਂ ਦੇ ਨਾਂ ਮੁੜ ਸ਼ਾਮਲ ਕਰਨ, ਟਿਕਟ ਕਾਊਂਟਰ ਬੰਦ ਕਰਨ ਆਦਿ ਮੰਗਾਂ ਸ਼ਾਮਲ ਹਨ।