ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਸਤੰਬਰ
ਜੱਲ੍ਹਿਆਂਵਾਲਾ ਬਾਗ ਸੰਘਰਸ਼ ਕਮੇਟੀ ਨੇ ਅੱਜ ਇੱਥੇ ਲੋਕਾਂ ਨੂੰ ਇਸ਼ਤਿਹਾਰ ਵੰਡ ਕੇ ਸ਼ਹੀਦੀ ਸਮਾਰਕ ਦੇ ਮੂਲ ਸਰੂਪ ਨਾਲ ਕੀਤੀ ਛੇੜਛਾੜ ਬਾਰੇ ਜਾਣੂ ਕਰਾਇਆ। ਕਮੇਟੀ ਨੇ ਸ਼ਹੀਦੀ ਸਮਾਰਕ ਦੇ ਮੂਲ ਸਰੂਪ ਨੂੰ ਮੁੜ ਬਹਾਲ ਕਰਨ ਦੀ ਮੰਗ ਕਰਦਿਆਂ ਇਸ ਲੜਾਈ ਵਿੱਚ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
ਕਮੇਟੀ ਵਿੱਚ ਸ਼ਾਮਲ ਕਨਵੀਨਰ ਜਸਵੰਤ ਸਿੰਘ ਰੰਧਾਵਾ, ਕਮੇਟੀ ਆਗੂ ਰਮੇਸ਼ ਯਾਦਵ, ਵਿਜੇ ਮਿਸ਼ਰਾ, ਭੁਪਿੰਦਰ ਸਿੰਘ ਸੰਧੂ, ਡਾ. ਐੱਸ ਦੀਪਤੀ, ਸੁਰਿੰਦਰ ਕਵਲ, ਕਮਲ ਗਿੱਲ, ਗੁਰਪ੍ਰੀਤ ਸਿੰਘ ਕੱਦ ਗਿੱਲ, ਦਿਲਬਾਗ ਸਿੰਘ ਸਰਕਾਰੀਆ, ਮਨਜੀਤ ਸਿੰਘ, ਹੁਸ਼ਿਆਰ ਸਿੰਘ ਝੰਡੇਰ ਤੇ ਬਲਦੇਵ ਸਿੰਘ ਸੰਧੂ ਨੇ ਇੱਥੇ ਜੱਲ੍ਹਿਆਂਵਾਲਾ ਬਾਗ ਨੇੜੇ ਖੜ੍ਹੇ ਹੋ ਕੇ ਆਉਣ ਜਾਣ ਵਾਲੇ ਯਾਤਰੀਆਂ ਤੇ ਹੋਰਨਾਂ ਨੂੰ ਪੈਂਫਲੇਟ ਵੰਡੇ। ਕਮੇਟੀ ਆਗੂਆਂ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਦੇਸ਼ ਵਾਸੀਆਂ ਲਈ ਉਹ ਮੁਕੱਦਸ ਥਾਂ ਹੈ, ਜਿੱਥੇ 13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ ਆਪਸੀ ਭਾਈਚਾਰੇ ਦੀ ਮਜ਼ਬੂਤੀ ਅਤੇ ਰੋਲਟ ਐਕਟ ਖ਼ਿਲਾਫ਼ ਪੁਰਅਮਨ ਰੈਲੀ ਕੀਤੀ ਜਾ ਰਹੀ ਸੀ ਤੇ ਅੰਗਰੇਜ਼ ਹਕੂਮਤ ਨੇ ਇੱਥੇ ਬਿਨਾਂ ਅਗਾਊਂ ਸੂਚਨਾ ਦੇ ਨਿਹੱਥੇ ਲੋਕਾਂ ’ਤੇ ਗੋਲੀਆਂ ਚਲਾਈਆਂ ਤੇ ਸੈਂਕੜੇ ਲੋਕ ਮਾਰੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਨਵੀਨੀਕਰਨ ਦੇ ਪਰਦੇ ਹੇਠ ਬਾਗ਼ ਦੀ ਮੌਲਿਕ ਦਿੱਖ ਖ਼ਤਮ ਕਰਕੇ ਇਸ ਥਾਂ ਵਾਪਰੇ ਦੁਖਾਂਤ ਦੀਆਂ ਅਸਲ ਨਿਸ਼ਾਨੀਆਂ ਤਬਾਹ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਸੰਘਰਸ਼ ਕਮੇਟੀ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਦੀ ਪੁਰਾਤਨ ਦਿੱਖ ਨੂੰ ਪਹਿਲ ਦੇ ਆਧਾਰ ’ਤੇ ਬਹਾਲ ਕੀਤਾ ਜਾਵੇ। ਉਨ੍ਹਾਂ ਸਮੁੱਚੇ ਪੰਜਾਬੀਆਂ ਤੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹੀਦੀ ਸਮਾਰਕ ਦੀ ਪੁਰਾਤਨ ਦਿੱਖ ਅਤੇ ਮੌਲਿਕ ਸਰੂਪ ਬਹਾਲ ਕਰਾਉਣ ਲਈ ਆਪਣਾ ਰੋਸ ਦਰਜ ਕਰਾਉਣ।